ਚਰਨਜੀਤ ਸਿੰਘ ਵਾਲੀਆ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਅੱਜ
ਚਰਨਜੀਤ ਸਿੰਘ ਵਾਲੀਆ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਅੱਜ
ਚੰਡੀਗੜ੍ਹ, 26 ਮਾਰਚ (ਰਾਵਤ): ਚਰਨਜੀਤ ਸਿੰਘ ਵਾਲੀਆ ਦਾ ਜਨਮ 6 ਜੂਨ 1960 ਨੂੰ ਤਰਨਤਾਰਨ ਵਿਖੇ ਡਾ .ਦਿਆਲ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ | ਉਨ੍ਹਾਂ ਨੇ ਅਪਣੀ ਮੁਢਲੀ ਪੜ੍ਹਾਈ ਤਰਨਤਾਰਨ ਤੋਂ ਕੀਤੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਫ਼ਾਈਨਾਂਸ ਕੰਪਨੀ ਵਿਚ ਮੈਨੇਜਰ ਦੇ ਤੌਰ 'ਤੇ ਕਾਫ਼ੀ ਲੰਮਾ ਸਮਾਂ ਕੰਮ ਕੀਤਾ | 1990 ਵਿਚ ਉਨ੍ਹਾਂ ਨੇ ਤੇਗ ਫ਼ਾਇਨਾਂਸ ਕੰਪਨੀ ਖੋਲ੍ਹੀ | ਇਸ ਤੋਂ ਬਾਅਦ ਉਹ ਸਿਖਿਆ ਦੇ ਖੇਤਰ ਵਿਚ ਕੁਦ ਪਏ ਅਤੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀ ਸਥਾਪਨਾ 1998 ਵਿਚ ਕੀਤੀ | ਇਸ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਪਣੇ ਪਿਤਾ ਦੇ ਨਾਂ ਤੇ ਡਾ. ਦਿਆਲ ਸਿੰਘ ਮੈਮੋਰੀਅਲ ਨਰਸਿੰਗ ਕਾਲਜ 2004 ਵਿਚ ਖੋਲਿ੍ਹਆ | ਫਿਰ ਉਹ ਮਨੋਰੰਜਨ ਦੀ ਦੁਨੀਆਂ ਵਿਚ ਪ੍ਰਵੇਸ਼ ਕਰ ਗਏ ਜਿਥੇ ਉਨ੍ਹਾਂ ਤੇਗ ਪ੍ਰੋਡਕਸ਼ਨ ਬਣਾ ਕੇ 2016 ਵਿਚ ਫ਼ਿਲਮ 'ਠੱਗ ਲਾਈਫ਼' ਅਤੇ 'ਆਟੇ ਦੀ ਚਿੜੀ' ਬਣਾਈਆਂ |
ਉਹ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਦੇ ਫ਼ਾਊਾਡਰ ਪ੍ਰਧਾਨ 1999 ਤੋਂ ਰਹੇ | ਪ੍ਰੋਡਕਸ਼ਨ ਐਸੋਸੀਏਸ਼ਨ ਉਨ੍ਹਾਂ 2018 ਵਿਚ ਬਣਾਈ | ਇਸੇ ਦੌਰਾਨ 18 ਮਈ 2021 ਦੀ ਉਹ ਚੰਦਰੀ ਤੇ ਕੁਲਹਿਣੀ ਘੜੀ ਆਈ ਜਦੋਂ ਕੋਰੋਨਾ ਵਰਗੀ ਨਾ ਮੁਰਾਦ ਬਿਮਾਰੀ ਉਨ੍ਹਾਂ ਨੂੰ ਸਾਥੋਂ ਸਦਾ ਲਈ ਖੋਹ ਕੇ ਲੈ ਗਈ | ਉਹ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਜ਼ ਦੇ ਪੈਟਰਨ ਰਹੇ |
ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ ਉਨ੍ਹਾਂ ਖ਼ੁਦ ਤਿਆਰ ਕੀਤਾ ਅਤੇ ਉਸ ਦੇ ਫ਼ਾਊਾਡਰ ਚੇਅਰਮੈਨ ਬਣੇ | ਉਹ ਅਪਣੇ ਪਿੱਛੇ ਪਤਨੀ ਜਸਵਿੰਦਰ ਕੌਰ ਵਾਲੀਆ, ਬੇਟਾ ਤੇਗਵੀਰ ਸਿੰਘ ਵਾਲੀਆ ਤੇ ਬੇਟੀ ਜਪਨੀਤ ਕੌਰ ਵਾਲੀਆ ਛੱਡ ਗਏ ਹਨ ਜੋ ਕਿ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ | ਅੱਜ 27 ਮਾਰਚ ਨੂੰ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਬਲੌਂਗੀ ਵਿਖੇ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿਚ ਪਾਠ ਦੇ ਭੋਗ ਪਾਉਣ ਉਪਰੰਤ ਸ਼ਰਧਾਂਜਲੀ ਸਮਾਰੋਹ ਆਯੋਜਤ ਕੀਤਾ ਜਾ ਰਿਹਾ ਹੈ ਜੋ ਸਵੇਰੇ ਗਿਆਰਾਂ ਤੋਂ ਬਾਅਦ ਦੁਪਹਿਰ ਇਕ ਵਜੇ ਤਕ ਹੋਵੇਗਾ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਜਥੇ ਕੀਰਤਨ ਕਰਨਗੇ | ਵਾਲੀਆ ਪ੍ਰਵਾਰ ਵਲੋਂ ਆਪ ਸੱਭ ਨੂੰ ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਜਾ ਰਿਹਾ ਹੈ |