ਮਾਨਸਾ ਦੇ ਪਿੰਡ ਚਕੇਰੀਆ ਵਿੱਚ ਬਣੇਗਾ ਨਵਾਂ ਵਾਟਰ ਵਰਕਸ, ਅਕਾਲੀਆਂ ਦਾ ਪੁਰਾਣਾ ਵਾਟਰ ਵਰਕਸ ਹੋਵੇਗਾ ਅੱਪਗ੍ਰੇਡ: ਮੁੰਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਵਿੱਚ ਦਿੱਤੀ ਜਾਣਕਾਰੀ

New water works will be built in Chakeria village of Mansa, old water works of Akalis will be upgraded: Mundian

ਚੰਡੀਗੜ੍ਹ: ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਚਕੇਰੀਆ ਵਿੱਚ ਨਵਾਂ ਵਾਟਰ ਵਰਕਸ ਬਣੇਗਾ ਜਦੋਂਕਿ ਇਕ ਹੋਰ ਪਿੰਡ ਅਕਲੀਆ ਦੇ ਪੁਰਾਣੇ ਵਾਟਰ ਵਰਕਸ ਨੂੰ ਅੱਪਗ੍ਰੇਡ ਕੀਤਾ ਜਾਵੇਗਾ। ਇਹ ਜਾਣਕਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਮਾਨਸਾ ਤੋਂ ਵਿਧਾਇਕ ਡਾ ਵਿਜੈ ਸਿੰਗਲਾ ਵੱਲੋਂ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।

ਮੁੰਡੀਆ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਦੇ ਪਿੰਡ ਚਕੇਰੀਆਂ ਵਿੱਚ ਨਵਾਂ ਵਾਟਰ ਵਰਕਸ ਬਣਾਏ ਜਾਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਪਿੰਡ ਅਕਲੀਆ ਦੇ ਪੁਰਾਣੇ ਲੱਗੇ ਵਾਟਰ ਵਰਕਸ ਨੂੰ ਆਬਾਦੀ ਦੇ ਹਿਸਾਬ ਨਾਲ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਕੰਮਾਂ ਦੀ ਟੈਂਡਰ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਇਹ ਕੰਮ ਅਗਲੇ ਮਹੀਨੇ ਅਪਰੈਲ ਤੋਂ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਸਾਲ ਜੁਲਾਈ ਤੱਕ ਮੁਕੰਮਲ ਹੋ ਜਾਵੇਗਾ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਅੱਗੇ ਇਹ ਵੀ ਦੱਸਿਆ ਕਿ ਮਾਨਸਾ ਹਲਕਾ ਦੇ ਬਾਕੀ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵਿਭਾਗ ਦੇ ਨਿਯਮਾਂ ਅਨੁਸਾਰ ਪਹਿਲਾ ਹੀ 70 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਮੌਜੂਦਾ ਵਾਟਰ ਵਰਕਸਾਂ ਤੋਂ ਦਿੱਤੀ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸ ਮੁੰਡੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਸਰਪੰਚ ਦੀ ਅਗਵਾਈ ਵਿੱਚ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਇਨ੍ਹਾਂ ਵਾਟਰ ਵਰਕਸ ਸਕੀਮਾਂ ਦਾ ਰੱਖ ਰਖਾਵ ਕਰਦੀ ਹੈ ਅਤੇ 15ਵੇਂ ਵਿੱਤ ਕਮਿਸ਼ਨ ਦੀਆਂ 60 ਫੀਸਦੀ ਗਰਾਂਟ ਜਲ ਸਪਲਾਈ ਸਕੀਮਾਂ ਦੀ ਰੱਖ-ਰਖਾਵ ਉੱਪਰ ਖ਼ਰਚ ਕਰਨਾ ਲਾਜ਼ਮੀ ਹੈ।