ਤਿੰਨ ਮੰਤਰੀਆਂ ਨੇ ਤਿੰਨ ਕੈਂਸਰ ਇਲਾਜ ਵੈਨਾਂ ਕੀਤੀਆਂ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿੰਦਰਾ ਸਵਰਾਜ ਗਰੁਪ ਵਲੋਂ ਕੈਂਸਰ ਕੇਅਰ ਪ੍ਰਾਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ 

cancer treatment vans

ਐਸ.ਏ.ਐਸ.ਨਗਰ,  ਪੰਜਾਬ ਦੀ ਤਕਦੀਰ ਬਦਲਣ ਲਈ ਮਹਿੰਦਰਾ ਸਵਰਾਜ ਗਰੁਪ ਵਰਗੇ ਗ਼ੈਰਤਮੰਦ ਗਰੁਪਾਂ ਦੀ ਲੋੜ ਹੈ। ਮਹਿੰਦਰਾ ਸਵਰਾਜ ਗਰੁਪ ਵਲੋਂ ਪੰਜਾਬ ਵਿਚ ਕੈਂਸਰ ਪੀੜਤਾਂ ਦੇ ਇਲਾਜ ਲਈ ਅਤੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਚੁਕਿਆ ਗਿਆ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਇਹ ਗੱਲ ਵਿੱਤ ਮੰਤਰੀ ਮਨਪੀ੍ਰਤ ਸਿੰਘ ਬਾਦਲ ਨੇ ਪੰਜਾਬ ਟਰੈਕਟਰਜ਼ ਵਲੋਂ ਮਹਿੰਦਰਾ ਸਵਰਾਜ ਮੋਬਾਈਲ ਪ੍ਰਾਇਮਰੀ ਹੈਲਥ ਐਂਡ ਕੈਂਸਰ ਕੇਅਰ ਪ੍ਰਾਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਮਹਿੰਦਰਾ ਸਵਰਾਜ ਗਰੁਪ ਵਲੋਂ ਕੈਂਸਰ ਪੀੜਤਾਂ ਦੇ ਇਲਾਜ ਲਈ ਅਤੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਤਿੰਨ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਮਹਿੰਦਰਾ ਸਵਰਾਜ ਗਰੁਪ ਨੇ ਪੂਰੇ ਮੁਲਕ ਵਿਚ ਨਾਂ ਕਮਾਇਆ ਹੈ ਅਤੇ ਬਿਜ਼ਨਸ ਦੇ ਖੇਤਰ ਵਿਚ ਨਵੀਆਂ ਪੁਲਾਘਾਂ ਪੁੱਟੀਆਂ ਹਨ ਅਤੇ ਸਵਰਾਜ ਪੰਜਾਬ ਦਾ ਬਰੈਂਡ ਵੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਂਸਰ ਪੀੜਤਾਂ ਦੀ ਮਦਦ ਕਰਨਾ ਮਨੁੱਖਤਾ ਦੀ ਸੱਭ ਤੋਂ ਵੱਡੀ ਸੇਵਾ ਹੈ ਅਤੇ ਮਹਿੰਦਰਾ ਸਵਰਾਜ ਗਰੁਪ ਨੇ ਇਹ ਸੇਵਾ ਸ਼ੁਰੂ ਕਰ ਕੇ ਮਨੁੱਖਤਾ ਦੀ ਸੇਵਾ ਲਈ ਸੱਭ ਤੋਂ ਵੱਡਾ ਅਤੇ ਅਹਿਮ ਕਦਮ ਪੁੱਟਿਆ ਹੈ। ਪਸ਼ੂ ਪਾਲਣ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਹਿੰਦਰਾ ਸਵਰਾਜ ਗਰੁਪ ਦਾ ਮੋਹਾਲੀ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਭਾਵੇਂ ਮੋਹਾਲੀ ਵਿਚਲੀਆਂ ਕਈ ਵੱਡੀਆਂ ਫ਼ੈਕਟਰੀਆਂ ਬੰਦ ਹੋਈਆਂ ਹਨ ਪਰ ਮਹਿੰਦਰਾ ਗਰੁਪ ਨੇ ਨਵੀਆਂ ਬੁਲੰਦੀਆਂ ਛੂਹੀਆਂ ਹਨ ਅਤੇ ਮੋਹਾਲੀ ਜ਼ਿਲ੍ਹੇ ਦੇ 5 ਹਜ਼ਾਰ ਲੋਕਾਂ ਨੂੰ ਸਿੱਧੇ ਤੌਰ ਅਤੇ 50 ਹਜ਼ਾਰ ਲੋਕਾਂ ਨੂੰ ਅਸਿੱਧੇ ਤੌਰ 'ਤੇ ਰੁਜ਼ਗਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਬੱਸੀ ਪਠਾਣਾਂ ਗੁਰਪ੍ਰੀਤ ਸਿੰਘ ਜੀ.ਪੀ., ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ, ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਮੱਛਲੀਕਲਾਂ ਸਮੇਤ ਮਹਿੰਦਰਾ ਸਵਰਾਜ ਗਰੁਪ ਦੇ ਅਧਿਕਾਰੀ, ਕਰਮਚਾਰੀ ਆਦਿ ਮੌਜੂਦ ਸਨ।