ਢਿੱਲਵਾਂ ਪੁਲਿਸ ਵਲੋਂ 390 ਗ੍ਰਾਮ ਅਫ਼ੀਮ ਸਮੇਤ ਦੋ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਰੇਲਵੇ ਫਾਟਕ ਨੇੜਿਓਂ ਤੇ ਦੂਜਾ ਹਾਈਟੈਕ ਨਾਕੇ 'ਤੇ ਫੜਿਆ

Dhilwan police control over 390 grams of opium

ਪੰਜਾਬ- ਲੋਕ ਸਭਾ ਚੋਣਾਂ ਦੇ ਚਲਦਿਆਂ ਪੁਲਿਸ ਨੇ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਲਈ ਸਖ਼ਤੀ ਕਾਫ਼ੀ ਵਧਾਈ ਹੋਈ ਹੈ। ਇਸੇ ਸਖ਼ਤੀ ਦੇ ਚਲਦਿਆਂ ਇਕ ਵਿਸ਼ੇਸ਼ ਚੈਕਿੰਗ ਦੌਰਾਨ ਢਿੱਲਵਾਂ ਪੁਲਿਸ ਨੂੰ ਉਸ ਵਕਤ ਸਫਲਤਾ ਪ੍ਰਾਪਤ ਹੋਈ ਜਦੋਂ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ 390 ਗ੍ਰਾਮ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ ਰੰਗੇਂ ਹੱਥੀ ਕਾਬੂ ਕਰ ਲਿਆ।

ਪੁਲਿਸ ਥਾਣਾ ਢਿੱਲਵਾਂ ਦੇ ਐੱਸਐੱਚਓ ਜੋਗਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਐਸਆਈ ਬਲਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੇਲਵੇ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਪੁਲਿਸ ਨੇ ਇਕ ਆਲਟੋ ਕਾਰ ਨੰਬਰ ਪੀਬੀ-08 ਸੀਟੀ-1535 ਨੂੰ ਰੋਕਿਆ ਤਾਂ ਡਰਾਈਵਰ ਪੁਲਿਸ ਨੂੰ ਦੇਖ ਕੇ ਘਬਰਾ ਗਿਆ। ਪੁਲਿਸ ਨੇ ਸ਼ੱਕ ਪੈਣ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 240 ਗ੍ਰਾਮ ਅਫ਼ੀਮ ਬਰਾਮਦ ਹੋਈ।

ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਆਪਣਾ ਨਾਮ ਜਸਕਰਨ ਸਿੰਘ ਵਾਸੀ ਪਿੰਡ ਸੰਗੋਵਾਲ ਜ਼ਿਲ੍ਹਾ ਕਪੂਰਥਲਾ ਦੱਸਿਆ ਹੈ। ਇਸੇ ਤਰ੍ਹਾਂ ਢਿੱਲਵਾਂ ਪੁਲਿਸ ਦੇ ਏਐਸਆਈ ਕੇਵਲ ਸਿੰਘ ਵਲੋਂ ਹਾਈਟੈਕ ਨਾਕੇ 'ਤੇ ਕੀਤੀ ਨਾਕੇਬੰਦੀ ਦੌਰਾਨ ਕੁਲਬੀਰ ਸਿੰਘ ਵਾਸੀ ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਪਾਸੋਂ ਵੀ 150 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਪੁਲਿਸ ਨੇ ਅਫ਼ੀਮ ਸਮੇਤ ਫੜੇ ਗਏ ਮੁਲਜ਼ਮਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿਤੀ ਹੈ ਅਤੇ ਉਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।