ਨਾਰਾਜ਼ ਹਾਂ ਪਰ ਫਿਰ ਵੀ ਭਾਜਪਾ ਨੂੰ ਮੇਰਾ ਪੂਰਾ ਸਮਰਥਨ, ਨਹੀਂ ਲੜਾਂਗੀ ਆਜ਼ਾਦ ਚੋਣ: ਕਵਿਤਾ ਖੰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਨੇ ਮੈਨੂੰ ਇਕੱਲਾ ਛੱਡ ਦਿਤਾ ਤੇ ਕਿਸੇ ਭਾਜਪਾ ਨੇਤਾ ਨੇ ਫ਼ੋਨ ਤੱਕ ਨਹੀਂ ਕੀਤਾ

Kavita Khanna

ਚੰਡੀਗੜ੍ਹ: ਗੁਰਦਾਸਪੁਰ ਲੋਕਸਭਾ ਸੀਟ ਤੋਂ ਟਿਕਟ ਨਾ ਮਿਲਣ ’ਤੇ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਨਾਲ ਟਿਕਟ ਨਾ ਦੇਣ ਨੂੰ ਲੈ ਕੇ ਨਾਰਾਜ਼ਗੀ ਹੈ ਪਰ ਫਿਰ ਵੀ ਉਹ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੂਰਾ ਸਮਰਥਨ ਦੇਣਗੇ ਤੇ ਉਹ ਆਜ਼ਾਦ ਚੋਣ ਨਹੀਂ ਲੜਨਗੇ।

ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਕਵਿਤਾ ਖੰਨਾ ਨੇ ਭਾਜਪਾ ਵਲੋਂ ਟਿਕਟ ਨਾ ਦਿਤੇ ਜਾਣ ਨੂੰ ਲੈ ਕੇ ਸੰਕੇਤ ਦਿਤੇ ਸਨ ਕਿ ਉਹ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕਿਨਾਰਾ ਕੀਤੇ ਜਾਣ ਮਗਰੋਂ ਗੁਰਦਾਸਪੁਰ ਤੋਂ ਬਹੁਤ ਸਾਰੇ ਲੋਕਾਂ ਦਾ ਉਨ੍ਹਾਂ ’ਤੇ ਦਬਾਅ ਹੈ।

ਕਵਿਤਾ ਖੰਨਾ ਦਾ ਕਹਿਣਾ ਹੈ ਕਿ ਇਹ ਟਿਕਟ ਮੇਰੇ ਲਈ ਕੋਈ ਨਿੱਜੀ ਮਾਮਲਾ ਨਹੀਂ ਹੈ ਬਲਕਿ ਇਹ ਇਲਾਕੇ ਦਾ ਵਿਕਾਸ ਤੇ ਉੱਥੋਂ ਦੋ ਲੋਕਾਂ ਦੀ ਤਰੱਕੀ ਦਾ ਮਾਮਲਾ ਹੈ ਤੇ ਮੈਂ ਦੇਸ਼ ਦੇ ਨਿਰਮਾਣ ਲਈ ਕੰਮ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਅਪਣੇ ਪਤੀ ਵਿਨੋਦ ਖੰਨਾ ਦੇ ਦੇਹਾਂਤ ਤੋਂ ਪਹਿਲਾਂ ਤੇ ਬਾਅਦ ਵਿਚ ਸਾਲਾਂ ਤਕ ਗੁਰਦਾਸਪੁਰ ’ਚ ਕੰਮ ਕੀਤਾ ਹੈ।

ਇਸ ਦੌਰਾਨ ਕਵਿਤਾ ਖੰਨਾ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਭਾਜਪਾ ਨੇ ਮੈਨੂੰ ਇਕੱਲਾ ਛੱਡ ਦਿਤਾ ਤੇ ਕਿਸੇ ਭਾਜਪਾ ਨੇਤਾ ਨੇ ਫ਼ੋਨ ਤੱਕ ਨਹੀਂ ਕੀਤਾ ਤੇ ਨਾ ਹੀ ਸਨੀ ਦਿਉਲ ਨੇ ਪ੍ਰਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਨਿੱਜੀ ਮੁੱਦਾ ਨਹੀਂ ਬਣਾਉਣਾ ਚਾਹੁੰਦੀ। ਮੈਂ ਭਾਜਪਾ ਤੇ ਪ੍ਰਧਾਨ ਮੰਤਰੀ ਦੇ ਨਾਲ ਹਾਂ ਤੇ ਮੈਂ ਆਜ਼ਾਦ ਚੋਣ ਨਹੀਂ ਲੜਾਂਗੀ।

ਦੱਸ ਦਈਏ ਕਿ ਭਾਜਪਾ ਨੇ ਲੋਕਸਭਾ ਚੋਣਾਂ ’ਚ ਗੁਰਦਾਸਪੁਰ ਸੀਟ ਤੋਂ ਕਵਿਤਾ ਖੰਨਾ ਨੂੰ ਟਿਕਟ ਦੇਣ ਦੀ ਬਜਾਏ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਨੀ ਦਿਉਲ ਨੂੰ ਚੋਣ ਮੈਦਾਨ ਉਮੀਦਵਾਰ ਵਜੋਂ ਉਤਾਰਿਆ ਹੈ।