ਕੇਂਦਰ ਤਾਲਾਬੰਦੀ 'ਤੇ ਆਪਾਵਿਰੋਧੀ ਬਿਆਨ ਦੇ ਰਿਹੈ : ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਮੁੱਖ ਮੰਤਰੀਆਂ ਦੀ ਬੈਠਕ 'ਚ ਮੈਨੂੰ ਬੋਲਣ ਦਾ ਮੌਕਾ ਵੀ ਨਹੀਂ ਮਿਲਿਆ ਦੁਕਾਨਾਂ ਖੁੱਲ੍ਹਣਗੀਆਂ ਤਾਂ ਲੋਕ ਬਾਹਰ ਆਉਣਗੇ ਹੀ, ਸਮਾਜਕ ਦੂਰੀ ਕਿੱਥੇ ਜਾਏਗੀ

image

ਨਵੀਂ ਦਿੱਲੀ, 27 ਅਪ੍ਰੈਲ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਤਾਲਾਬੰਦੀ ਲਾਗੂ ਕਰਨ 'ਤੇ ਆਪਾਵਿਰੋਧੀ ਬਿਆਨ ਦੇ ਰਿਹਾ ਹੈ। ਉਨ੍ਹਾਂ ਨੇ ਦੁਕਾਨਾਂ ਨੂੰ ਖੋਲ੍ਹਣ ਦੇ ਵਿਸ਼ੇ 'ਤੇ ਗ੍ਰਹਿ ਮੰਤਰਾਲੇ ਦੇ ਹਾਲ ਦੇ ਹੁਕਮ 'ਤੇ ਹੋਰ ਸਪੱਸ਼ਟਤਾ ਦੀ ਮੰਗ ਕੀਤੀ।

image
ਬੈਨਰਜੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਵੀਡੀਉ ਕਾਨਫ਼ਰੰਸ ਦੌਰਾਨ ਕਈ ਸੂਬਿਆਂ ਨੂੰ ਵਾਰੋ-ਵਾਰੀ ਵਾਲੀ ਵਿਵਸਥਾ ਕਰ ਕੇ ਬੋਲਣ ਨਹੀਂ ਦਿਤਾ ਗਿਆ ਅਤੇ ਉਨ੍ਹਾਂ ਨੂੰ ਜੇਕਰ ਮੌਕਾ ਦਿਤਾ ਜਾਂਦਾ ਹੈ ਤਾਂ ਉਹ ਬੰਗਾਲ 'ਚ ਕੇਂਦਰੀ ਟੀਮ ਭੇਜਣ ਦੀ ਜ਼ਰੂਰਤ ਸਮੇਤ ਕਈ ਸਵਾਲ ਚੁੱਕਣਗੇ।


ਮੁੱਖ ਮੰਤਰੀ ਨੇ ਕਿਹਾ, ''ਕੇਂਦਰ ਤਾਲਾਬੰਦੀ 'ਤੇ ਆਪਾਵਿਰੋਧੀ ਬਿਆਨ ਦੇ ਰਿਹਾ ਹੈ। ਕੋਈ ਸਪੱਸ਼ਟਤਾ ਨਹੀਂ ਹੈ। ਅਸੀਂ ਤਾਲਾਬੰਦੀ ਦੇ ਹੱਕ 'ਚ ਹਾਂ। ਪਰ ਕੇਂਦਰ ਇਕ ਪਾਸੇ ਤਾਂ ਤਾਲਾਬੰਦੀ ਲਾਗੂ ਕਰਨ 'ਤੇ ਜ਼ੋਰ ਦਿੰਦਾ ਹੈ ਪਰ ਦੂਜੇ ਪਾਸੇ ਉਹ ਦੁਕਾਨਾਂ ਨੂੰ ਖੋਲ੍ਹਣ ਦਾ ਹੁਕਮ ਦਿੰਦਾ ਹੈ।'' ਉਨ੍ਹਾਂ ਕਿਹਾ ਕਿ ਜੇਕਰ ਦੁਕਾਨਾਂ ਖੁਲ੍ਹਦੀਆਂ ਹਨ ਤਾਂ ਤੁਸੀਂ ਕਿਸ ਤਰ੍ਹਾਂ ਤਾਲਾਬੰਦੀ ਲਾਗੂ ਕਰੋਗੇ? ਲੋਕ ਘਰਾਂ ਤੋਂ ਬਾਹਰ ਆਉਣਗੇ ਅਤੇ ਭੀੜ ਹੋਵੇਗੀ ਜਿਸ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਵਧੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨਾਲ ਸੰਪਰਕ ਕੀਤੇ ਬਗ਼ੈਰ ਹੀ ਫ਼ੈਸਲੇ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਨੂੰ ਸਪਸ਼ਟਤਾ ਨਾਲ ਸਾਹਮਣੇ ਆਉਣਾ ਚਾਹੀਦਾ ਹੈ।  (ਪੀਟੀਆਈ)
 

image

ਕੋਰੋਨਾ ਜਾਂਚ ਕਿੱਟ : 'ਨਾਜਾਇਜ਼ ਮੁਨਾਫ਼ਾ' ਕਮਾਉਣ ਵਾਲਿਆਂ ਵਿਰੁਧ ਕਾਰਵਾਈ ਹੋਵੇ : ਰਾਹੁਲ ਗਾਂਧੀ

245 ਰੁਪਏ ਦੀ ਜਾਂਚ ਕਿੱਟ 600 ਰੁਪਏ ਵਿਚ ਵੇਚੀ ਗਈ

ਨਵੀਂ ਦਿੱਲੀ, 27 ਅਪ੍ਰੈਲ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਚੀਨ ਤੋਂ ਮੰਗਾਈਆਂ ਗਈਆਂ ਕਿੱਟਾਂ 'ਤੇ 'ਮੁਨਾਫ਼ਾਖ਼ੋਰੀ' ਦੇ ਦਾਅਵੇ ਵਾਲੀਆਂ ਖ਼ਬਰਾਂ ਸਬੰਧੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਜਾਇਜ਼ ਮੁਨਾਫ਼ਾ ਕਮਾਉਣ ਵਾਲਿਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦ ਸਮੁੱਚਾ ਦੇਸ਼ ਕੋਵਿਡ-19 ਆਫ਼ਤ ਨਾਲ ਲੜ ਰਿਹਾ ਹੈ ਤਦ ਵੀ ਕੁੱਝ ਲੋਕ ਨਾਜਾਇਜ਼ ਮੁਨਾਫ਼ਾ ਕਮਾਉਣ ਤੋਂ ਨਹੀਂ ਹਟਦੇ। ਇਸ ਭ੍ਰਿਸ਼ਟ ਮਾਨਸਿਕਤਾ 'ਤੇ ਸ਼ਰਮ ਆਉਂਦੀ ਹੈ, ਨਫ਼ਰਤ ਹੁੰਦੀ ਹੈ। ਗਾਂਧੀ ਨੇ ਕਿਹਾ, 'ਅਸੀਂ ਪ੍ਰਧਾਨ ਮੰਤਰੀ ਕੋਲੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਮੁਨਾਫ਼ਾਖ਼ੋਰਾਂ ਵਿਰੁਧ ਛੇਤੀ ਹੀ ਸਖ਼ਤ ਕਾਰਵਾਈ ਕੀਤੀ ਜਾਵੇ। ਦੇਸ਼ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ।' ਉਨ੍ਹਾਂ ਜਿਸ ਖ਼ਬਰ ਦਾ ਹਵਾਲਾ ਦਿਤਾ, ਉਸ ਮੁਤਾਬਕ ਆਈਸੀਐਮਆਰ ਨੂੰ ਵੇਚੀਆਂ ਗਈਆਂ ਚੀਨ ਤੋਂ ਦਰਾਮਦ ਕੋਵਿਡ-19 ਰੈਪਿਡ ਟੈਸਟ ਕਿੱਟਾਂ ਵਿਚ ਮੋਟਾ ਮੁਨਾਫ਼ਾ ਕਮਾਇਆ ਗਿਆ ਹੈ। ਇਸ ਕਿੱਟ ਦੀ ਭਾਰਤ ਵਿਚ ਦਰਾਮਦ ਲਾਗਤ 245 ਰੁਪਏ ਹੀ ਹੈ ਪਰ ਇਸ ਨੂੰ ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੂੰ 600 ਰੁਪਏ ਪ੍ਰਤੀ ਕਿੱਟ ਵੇਚਿਆ ਗਿਆ ਹੈ ਯਾਨੀ ਲਗਭਗ 145 ਫ਼ੀ ਸਦੀ ਦਾ ਮੋਟਾ ਮੁਨਾਫ਼ਾ ਵਸੂਲਿਆ ਗਿਆ। (ਏਜੰਸੀ)