ਕੋਰੋਨਾ ਸਬੰਧੀ ਪੰਜਾਬ ਮੈਡੀਕਲ ਕਾਲਜਾਂ ਦੀਆਂ ਲੈਬਾਂ ਵਲੋਂ 10 ਹਜ਼ਾਰ ਟੈਸਟ ਕਰਨ ਦਾ ਅੰਕੜਾ ਪਾਰ:ਸੋਨੀ
ਮੈਡੀਕਲ ਕਾਲਜਾਂ 'ਚ ਟੈਸਟ ਕਰਨ ਦੀ ਸਮਰਥਾ ਵਿਚ ਵਾਧਾ ਕਰਨ ਲਈ ਕੀਤੇ ਜਾ ਰਹੇ ਪ੍ਰਬੰਧ
ਚੰਡੀਗੜ੍ਹ, 26 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਲੈਬਾਂ ਨੇ ਕੋਰੋਨਾ ਵਾਇਰਸ ਸਬੰਧੀ 10000 ਟੈਸਟ ਕਰਨ ਦਾ ਅੰਕੜਾ ਪਾਰ ਕਰ ਲਿਆ ਹੈ। ਇਨ੍ਹਾਂ ਟੈਸਟਾਂ ਵਿਚੋਂ 217 ਟੈਸਟ ਪਾਜ਼ੇਟਿਵ ਪਾਏ ਗਏ ਸਨ। ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਡਾਕਟਰੀ ਸਿਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਕੋਰੋਨਾ (ਕੋਵਿਡ-19) ਨੂੰ ਮਾਤ ਪਾਉਣ ਲਈ ਕੀਤੇ ਗਏ ਪ੍ਰਬੰਧਾਂ ਵਿਚ ਹੋਰ ਇਜ਼ਾਫ਼ਾ ਕਰਨ ਦੇ ਮਕਸਦ ਨਾਲ ਪੰਜਾਬ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੋਰੋਨਾ ਸਬੰਧੀ ਟੈਸਟ ਕਰਨ ਦੀ ਸਮਰਥਾ ਨੂੰ ਰੋਜ਼ਾਨਾ 1050 ਤੋਂ ਵਧਾ ਕੇ 3800 ਕਰਨ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਚਾਲੂ ਕੋਸ਼ਿਸ਼ਾਂ ਸਦਕੇ ਨੇਪਰੇ ਚੜ੍ਹਨ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ 1400-1400 ਅਤੇ ਮੈਡੀਕਲ ਕਾਲਜ ਫ਼ਰੀਦਕੋਟ ਵਿਚ 1000 ਟੈਸਟ ਹੋਇਆ ਕਰਨਗੇ।
ਉਨ੍ਹਾਂ ਦਸਿਆ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਚ ਆਈ.ਸੀ.ਐਮ. ਆਰ ਦੀ ਪ੍ਰਵਾਨਗੀ ਤੋਂ ਬਾਅਦ 15 ਮਾਰਚ 2020 ਨੂੰ 40-40 ਟੈਸਟ ਰੋਜ਼ਾਨਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਮੁੜ ਵਿਭਾਗ ਵਲੋਂ ਆਈ.ਸੀ.ਐਮ.ਆਰ. ਨਾਲ ਤਾਲਮੇਲ ਕਰ ਕੇ ਇਹ ਰੋਜ਼ਾਨਾ ਟੈਸਟ ਸਮਰੱਥਾ ਉਕਤ ਮੈਡੀਕਲ ਕਾਲਜਾਂ ਵਿਚ 400-400 ਟੈਸਟ ਕਰਨ ਦੀ ਪ੍ਰਵਾਨਗੀ ਹਾਸਲ ਕਰ ਲਈ ਸੀ।
ਇਸ ਤੋਂ ਇਲਾਵਾ ਮੈਡੀਕਲ ਕਾਲਜ ਫ਼ਰੀਦਕੋਟ ਵਿਚ ਵੀ 250 ਟੈਸਟ ਕਰਨ ਦੀ ਪ੍ਰਵਾਨਗੀ ਮਿਲ ਗਈ ਸੀ, ਜਿਸ ਨਾਲ ਸੂਬੇ ਵਿਚ ਕੋਰੋਨਾ ਦਾ ਟਾਕਰਾ ਕਰਨ ਵਿਚ ਕਾਫ਼ੀ ਮਦਦ ਮਿਲੀ। ਸੋਨੀ ਨੇ ਦਸਿਆ ਕਿ ਮੌਜੂਦਾ ਸਮੇਂ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਕੋਲ 5346 ਅਕਸਟਰਕਸ਼ਨ (ਮੈਨੂਅਲ) ਅਤੇ 29461 ਆਰ.ਟੀ. - ਪੀ. ਸੀ. ਆਰ. ਟੈਸਟ ਕਿੱਟਾਂ ਉਪਲਬਧ ਹਨ।
ਪੀ.ਪੀ.ਈ. ਕਿੱਟਾਂ ਦੀ ਘਟੀਆ ਕੁਆਲਟੀ ਦੀ ਜਾਂਚ ਦੇ ਸੋਨੀ ਨੇ ਦਿਤੇ ਹੁਕਮ
ਚੰਡੀਗੜ੍ਹ, 26 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਕੋਰੋਨਾ ਸੰਕਟ ਦੇ ਚਲਦੇ ਮੈਡੀਕਲ ਸਟਾਫ਼ ਲਈ ਖਰੀਦਿਆ ਪੀ.ਪੀ.ਈ. ਕਿੱਟਾਂ ਦੀ ਕੁਆਲਟੀ ਘਟੀਆ ਹੋਣ ਸਬੰਣੀ ਉਠੇ ਸਵਾਲਾਂ ਦਾ ਪੰਜਾਬ ਸਰਕਾਰ ਨੇ ਸ਼ਖਤ ਨੋਟਿਸ ਲਿਆ ਹੈ। ਸੂਬੇ ਦੇ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਨੇ ਇਸ ਬਾਰੇ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਹਨ। ਜ਼ਿਕਰਯੋਗ ਹੈ ਕਿ ਪੀ.ਪੀ.ਈ. ਕਿੱਟਾਂ ਘਟੀਆ ਕੁਆਲਟੀ ਦੀਆਂ ਹੋਣ ਸਬੰਧੀ ਇਨ੍ਹਾਂ ਨੂੰ ਪਹਿਨਣ ਵਾਲੇ ਮੈਡੀਕਲ ਸਟਾਫ਼ ਜਿਨ੍ਹਾਂ ਵਿਚ ਨਰਸਾਂ ਅਤੇ ਡਾਕਟਰ ਸ਼ਾਮਲ ਸਨ, ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਹਨ।
ਇਸ ਤੋਂ ਬਾਅਦ ਮੀਡੀਆ ਵਿਚ ਵੀ ਚਰਚਾ ਹੋਣ ਲੱਗੀ ਸੀ। ਵਿਭਾਗ ਦੇ ਮੰਤਰੀ ਸੋਨੀ ਨੇ ਇਨ੍ਹਾਂ ਬਾਰੇ ਜਾਰੀ ਜਾਂਚ ਦੇ ਲਿਖਤੀ ਹੁਕਮਾਂ ਵਿਚ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਪਿਛਲੇ ਦਿਨਾਂ ਵਿਚ ਪੀ.ਪੀ.ਈ. ਕਿੱਟਾਂ ਦੀ ਜੋ ਖਰੀਦ ਜਾਂ ਸਪਲਾਈ ਹੋਈ, ਉਹ ਕਾਫ਼ੀ ਮਾੜੀ ਕੁਆਲਟੀ ਦੀ ਹੈ। ਇਸ ਦੀ ਵਰਤੋਂ ਬਾਅਦ ਡਾਕਟਰਾਂ ਤੇ ਹੋਰ ਸਟਾਫ਼ ਵਲੋਂ ਉਠਾਏ ਸਵਾਲ ਬਹੁਤ ਚਿੰਤਾਜਨਕ ਹਨ। ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਦਿਤੇ ਕਿ ਸਬੰਧਤ ਫਰਮ ਦੇ ਪ੍ਰਤੀਨਿਧਾਂ ਨੂੰ ਬੁਲਾ ਕੇ ਜਾਂਚ ਪੜਤਾਲ ਕੀਤੀ ਜਾਵੇ। ਜੇ ਸਮਾਨ ਨਿਯਮਾਂ ਅਤੇ ਸਪੈਸੀਫ਼ਿਕੇਸ਼ਨਾਂ ਮੁਤਾਬਕ ਸਹੀ ਨਹੀਂ ਪਾਇਆ ਜਾਂਦਾ ਤਾਂ ਇਸ ਨੂੰ ਵਾਪਸ ਕਰ ਕੇ ਸਰਕਾਰੀ ਖ਼ਰੀਦ ਕਮੇਟੀ ਰਾਹੀਂ ਨਵੀਂ ਖ਼ਰੀਦ ਕੀਤੀ ਜਾਵੇ। ਘਟੀਆ ਕੁਆਲਟੀ ਤੇ ਪਿਛਲੀ ਖ਼ਰੀਦ ਦੇ ਸਬੰਧ ਵਿਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਟ ਕਰਨ ਦੇ ਵੀ ਓ.ਪੀ. ਸੋਨੀ ਨੇ ਹੁਕਮ ਦਿਤੇ ਹਨ। ਉਨ੍ਹਾਂ ਕਿਹਾ ਕਿ ਗੜਬੜੀ ਸਾਬਤ ਹੋਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।