ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗਿਆ ਰੁਜ਼ਗਾਰ ਭੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਘਰਾਂ ਦੇ ਦਰਵਾਜ਼ਿਆਂ 'ਤੇ ਲਾਏ ਪੋਸਟਰ

File Photo

ਚੰਡੀਗੜ੍ਹ, 26 ਅਪ੍ਰੈਲ (ਗੁਰਉਪਦੇਸ਼ ਭੁੱਲਰ): ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਆਗੂਆਂ ਨੇ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਦੀ ਮੰਗ ਕਰਦੇ ਪੋਸਟਰ ਆਪੋ-ਆਪਣੇ ਘਰਾਂ ਦੇ ਦਰਵਾਜ਼ਿਆਂ 'ਤੇ ਲਾ ਕੇ ਮੰਗਾਂ ਦਾ ਪ੍ਰਗਟਾਵਾ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ,  ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਕਮੇਟੀ ਮੈਂਬਰ ਤਜਿੰਦਰ ਬਠਿੰਡਾ, ਯੁੱਧਜੀਤ ਸਿੰਘ, ਹਰਦੀਪ ਫਾਜ਼ਿਲਕਾ,

ਅਮਨ ਸੇਖ਼ਾ, ਮਨਜੀਤ ਕੌਰ, ਰਣਬੀਰ ਨਦਾਮਪੁਰ, ਰਾਜਵਿੰਦਰ ਕੌਰ ਨੇ ਕਿਹਾ ਕਿ ਕਰੋਨਾ-ਸੰਕਟ 'ਚ ਬੇਰੁਜ਼ਗਾਰ ਅਧਿਆਪਕਾਂ ਲਈ ਆਪਣੇ ਘਰਾਂ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਕਰੋਨਾ ਸੰਕਟ ਕਾਰਨ ਹੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ 2182 ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਅੱਗੇ ਪਾ ਦਿੱਤੀ ਗਈ ਹੈ। ਅਜਿਹੇ ਦੌਰ 'ਚ ਕੇਂਦਰ ਅਤੇ ਰਾਜ ਸਰਕਾਰਾਂ ਜਿੱਥੇ ਵੱਖ-ਵੱਖ ਵਰਗਾਂ ਨੂੰ ਰਿਆਇਤਾਂ ਅਤੇ ਸਹੂਲਤਾਂ ਦੇ ਰਹੀਆਂ ਹਨ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਬੇਰੁਜ਼ਗਾਰੀ-ਭੱਤੇ ਦੀ ਮੰਗ ਕੀਤੀ ਹੈ।

ਉਹਨਾਂ ਕਿਹਾ ਕਿ ਸਾਰੀਆਂ ਵਿਦਿਅਕ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਹੁਣ ਤੱਕ ਉਮੀਦਵਾਰਾਂ ਦਾ ਬੇਰੁਜ਼ਗਾਰ ਰਹਿਣਾ ਸਰਕਾਰਾਂ ਦੀ ਅਸਫਲਤਾ ਹੈ। ਇਸ ਕਰਕੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਦੀਆਂ ਵਿਧਾਨ-ਸਭਾ ਚੋਣਾਂ ਮੌਕੇ ਕੀਤੇ ਵਾਅਦੇ ਮੁਤਾਬਕ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣਾ ਸ਼ੁਰੂ ਕਰੇ। ਕਰੋਨਾ-ਸੰਕਟ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਬੇਰੁਜ਼ਗਾਰ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਵਿਸ਼ੇਸ਼-ਗੁਜ਼ਾਰਾ ਭੱਤਾ ਦਿੱਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ 2182 ਅਸਾਮੀਆਂ ਅਧੀਨ ਕੱਢੀਆਂ ਸਮਾਜਿਕ ਸਿੱਖਿਆ ਦੀਆਂ 52, ਹਿੰੰਦੀ ਦੀਆਂ 40 ਅਤੇ ਪੰੰਜਾਬੀ ਦੀਆਂ 60 ਅਸਾਮੀਆਂ 'ਚ ਵਾਧਾ ਕੀਤਾ ਜਾਵੇ, ਟੈਸਟ ਪਾਸ ਕਰਨ ਦੇ ਬਾਵਜੂਦ ਹੁਣ ਤੱੱਕ ਭਰਤੀ ਨਾ ਹੋ ਸਕੇ ਉਮੀਦਵਾਰਾਂ ਲਈ ਉਮਰ-ਸੀਮਾ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ।