ਲੌਕਡਾਊਨ ‘ਚ ਹੋਇਆ ਸਾਦਾ ਵਿਆਹ, ਪਰਿਵਾਰ ਦੇ ਪੰਜ ਮੈਂਬਰ ਨਾਲ ਵਿਆਉਂਣ ਗਿਆ ਲਾੜਾ
ਦੇਸ਼ ਵਿਚ ਲੌਕਡਾਊਨ ਦੇ ਕਾਰਨ ਜਿੱਥੇ ਹਰ ਪਾਸੇ ਅਵਾਜਾਈ ਠੱਪ ਹੋਈ ਪਈ ਹੈ
ਲੁਧਿਆਣਾ : ਦੇਸ਼ ਵਿਚ ਲੌਕਡਾਊਨ ਦੇ ਕਾਰਨ ਜਿੱਥੇ ਹਰ ਪਾਸੇ ਅਵਾਜਾਈ ਠੱਪ ਹੋਈ ਪਈ ਹੈ ਅਜਿਹੇ ਸਮੇਂ ਵਿਚ ਬਹੁਤ ਸਾਰੇ ਲੋਕ ਇਨ੍ਹੀਂ ਦਿਨੀਂ ਰੱਖੀਆਂ ਆਪਣੇ ਵਿਆਹ ਦੀਆਂ ਤਰੀਖਾਂ ਨੂੰ ਅੱਗੇ ਕਰ ਰਹੇ ਹਨ ਪਰ ਉਥੇ ਹੀ ਕੁਝ ਅਜਿਹੇ ਵੀ ਲੋਕ ਹਨ ਜਿਹੜੇ ਇਸ ਲੌਕਡਾਊਨ ਵਿਚ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਆਹ ਕਰਵਾ ਰਹੇ ਹਨ। ਅਜਿਹਾ ਹੀ ਇਕ ਵਿਆਹ ਲੁਧਿਆਣਾ ਦੇ ਜਨਤਾ ਨਗਰ ਵਿਚ ਦੇਖਣ ਨੂੰ ਮਿਲਿਆ।
ਜਿਸ ਵਿਚ ਸਰਕਾਰ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਤਰ੍ਹਾਂ ਦਾ ਕੋਈ ਬੈਂਡਵਾਜਾ ਨਹੀਂ ਵੱਜਿਆ ਅਤੇ ਨਾ ਹੀ ਕੋਈ ਬਰਾਤ ਦੇਖਣ ਨੂੰ ਮਿਲੀ। ਲਾੜਾ ਬਣੇ ਆਸ਼ਦੀਪ ਸ਼ਰਮਾਂ ਪੁੱਤਰ ਸੂਰਜ ਪ੍ਰਕਾਸ਼ ਨੇ ਸਿਰਫ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨਾਲ ਜਾ ਕੇ ਸਿਪਲ ਅਤੇ ਸਾਦੇ ਵਿਆਹ ਦੀ ਰਸਮ ਨੂੰ ਪੂਰਾ ਕੀਤਾ ਹੈ। ਉਸ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੇ ਜਰੂਰਤਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਇਨਸਾਨੀਅਤ ਦਾ ਫਰਜ ਅਦਾ ਕਰਕੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ ਹੈ। ਹੁਣ ਤੱਕ ਇਹ ਹੀ ਦੇਖਣ ਨੂੰ ਮਿਲਿਆ ਹੈ ਕਿ ਲੋਕ ਫੋਕੀ ਵਾਹ-ਵਾਹ ਖੱਟਣ ਖਾਤਰ ਕਰਜੇ ਚੁੱਕ ਕੇ ਵਿਆਹ ਕਰਦੇ ਹਨ।
ਅਜਿਹਾ ਕਰਨ ਨਾਲ ਉਹ ਆਪ ਤਾਂ ਪ੍ਰੇਸ਼ਾਨੀ ਮੂਲ ਲੈਂਦੇ ਹੀ ਹਨ ਨਾਲ ਹੀ ਦੁਜਿਆਂ ਲਈ ਵੀ ਕੰਡੇ ਬੀਜ ਦਿੰਦੇ ਹਨ। ਲੌਕਡਾਊਨ ਵਿਚ ਭਾਵੇਂ ਕਿ ਮਜਬੂਰੀ ਵਿਚ ਹੀ ਲੋਕਾਂ ਨੂੰ ਇਹ ਸਾਦੇ ਅਤੇ ਘੱਟ ਖਰਚ ਵਾਲੇ ਵਿਆਹ ਕਰਵਾਉਂਣੇ ਪੈ ਰਹੇ ਹਨ ਪਰ ਹੁਣ ਭਵਿੱਖ ਵਿਚ ਵੀ ਸਾਨੂੰ ਇਸੇ ਤਰ੍ਹਾਂ ਇਸ ਤਰ੍ਹਾਂ ਘੱਟ ਖਰਚ ਅਤੇ ਸਾਦੇ ਵਿਆਹਾਂ ਨੂੰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦੱਸ ਦਈਏ ਕਿ ਲੌਕਡਾਊਨ ਵਿਚ ਹੋਇਆ ਇਹ ਕੋਈ ਪਹਿਲਾ ਵਿਆਹ ਨਹੀਂ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਇਸੇ ਤਰ੍ਹਾਂ ਸਾਦੇ ਅਤੇ ਘੱਟ ਖਰਚ ਵਾਲੇ ਵਿਆਹ ਕਰਵਾ ਕੇ ਮਿਸਾਲ ਪੈਦਾ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।