ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿਚ ਭੇਤਭਰੀ ਹਾਲਤ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਤਰਨਤਾਰਨ ਦੇ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਲੱਖਣਾ ਤਪਾ ਦੇ ਨੌਜਵਾਨ ਜਗਰੂਪ ਸਿੰਘ ਜੋ ਆਸਟਰੇਲੀਆ ਵਿਚ ਕਰੀਬ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਿਆ ਸੀ,

File Photo

ਪੱਟੀ/ਭਿੱਖੀਵਿੰਡ, 26 ਅਪ੍ਰੈਲ (ਅਜੀਤ ਘਰਿਆਲਾ/ਗੁਰਪ੍ਰਤਾਪ ਜੱਜ): ਜ਼ਿਲ੍ਹਾ ਤਰਨਤਾਰਨ ਦੇ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਲੱਖਣਾ ਤਪਾ ਦੇ ਨੌਜਵਾਨ ਜਗਰੂਪ ਸਿੰਘ ਜੋ ਆਸਟਰੇਲੀਆ ਵਿਚ ਕਰੀਬ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਿਆ ਸੀ, ਦੀ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ। ਇਸ ਸਬੰਧੀ ਮਿਤ੍ਰਕ ਦੇ ਪਿਤਾ ਗੁਰਪਾਲ ਸਿੰਘ ਅਤੇ ਚਾਚਾ ਗੁਰਲਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਲੜਕਾ ਜਗਰੂਪ ਸਿੰਘ (22) ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਪੜ੍ਹਾਈ ਕਰਨ ਗਿਆ ਸੀ। ਉਸ ਦੀ ਉਥੇ ਬੀਤੇ 24 ਅਪ੍ਰੈਲ ਨੂੰ ਮੌਤ ਹੋ ਜਾਣ ਦੀ ਜਾਣਕਾਰੀ ਉਸ ਦੇ ਦੋਸਤ ਵਲੋਂ ਫ਼ੋਨ ਰਾਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ 22 ਅਪ੍ਰੈਲ ਨੂੰ ਪਰਵਾਰ ਨਾਲ ਹੋਈ ਗੱਲਬਾਤ ਦੌਰਾਨ ਜਗਰੂਪ ਸਿੰਘ ਕਮਰੇ ਵਿਚ ਰਹਿ ਰਹੇ ਅਪਣੇ ਦੋਸਤਾਂ ਨਾਲ ਅਣਬਣ ਦੀ ਗੱਲ ਕਰਦਿਆਂ ਅਪਣਾ ਕਮਰਾ 26 ਅਪ੍ਰੈਲ ਨੂੰ ਬਦਲ ਲੈਣ ਬਾਰੇ ਕਹਿ ਰਿਹਾ ਸੀ।

ਪਰ 24 ਅਪ੍ਰੈਲ ਨੂੰ ਉਸ ਨਾਲ ਰਹਿ ਰਹੇ ਲੜਕੇ ਨੇ ਦਸਿਆ ਕਿ ਜਗਰੂਪ ਸਿੰਘ ਦੀ ਅਚਾਨਕ ਤਬੀਅਤ ਖ਼ਰਾਬ ਹੋਣ 'ਤੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ ਹੈ। ਪਰਵਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਉਨਾਂ ਦੇ ਪੁੱਤਰ ਦਾ ਉਸ ਦੇ ਨਾਲ ਰਹਿ ਰਹੇ ਦੋਸਤਾਂ ਵਲੋਂ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੀ ਪੁਲਿਸ ਵਲੋਂ ਮੌਤ ਦੇ ਕਾਰਨਾਂ ਦੀ ਕੋਈ ਵੀ ਜਾਣਕਾਰੀ ਪਰਵਾਰ ਨੂੰ ਨਹੀਂ ਦਿਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਗਰੂਪ ਸਿੰਘ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ ਤੇ ਅਸਲ ਸੱਚ ਪਰਵਾਰ ਸਾਹਮਣੇ ਲਿਆਂਦਾ ਜਾਵੇ। ਪਰਵਾਰਕ ਮੈਂਬਰਾਂ ਨੇ ਕੇਂਦਰ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਵਾਪਸ ਲਿਆਉਣ ਵਾਸਤੇ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਉਸ ਦੀਆਂ ਅੰਤਮ ਰਸਮਾਂ ਪੂਰੀਆਂ ਕਰ ਸਕਣ।