ਹੱਥ-ਪੈਰ ਬੰਨ੍ਹ ਕੇ ਵਕੀਲ ਦਾ ਕੀਤਾ ਕਤਲ
ਸੂਬੇ ਵਿਚ ਲੱਗੇ ਕਰਫ਼ਿਊ ਦੌਰਾਨ ਘਰ ਵਿਚ ਇਕੱਲੇ ਰਹਿ ਰਹੇ ਵਕੀਲ ਦੇ ਹੱਥ-ਪੈਰ ਬੰਨ੍ਹ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ
ਹੁਸ਼ਿਆਰਪੁਰ, 26 ਅਪ੍ਰੈਲ (ਰਿੰਕੂ ਥਾਪਰ) : ਸੂਬੇ ਵਿਚ ਲੱਗੇ ਕਰਫ਼ਿਊ ਦੌਰਾਨ ਘਰ ਵਿਚ ਇਕੱਲੇ ਰਹਿ ਰਹੇ ਵਕੀਲ ਦੇ ਹੱਥ-ਪੈਰ ਬੰਨ੍ਹ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਾਰਦਾਤ ਹੁਸ਼ਿਆਰਪੁਰ ਦੇ ਪਿੰਡ ਹਰਗੜ੍ਹ ਦੀ ਹੈ। ਜਿੱਥੇ ਮਲਕੀਤ ਸਿੰਘ (65) ਇਕੱਲਾ ਰਹਿੰਦਾ ਸੀ। ਜਿਸ ਦੀ ਲਾਸ਼ ਘਰ ਵਿਚ ਹੀ ਇਕ ਕਮਰੇ ਵਿਚੋਂ ਬਰਾਮਦ ਹੋਈ ਹੈ। ਪੁਲਿਸ ਅਨੁਸਾਰ ਅਣਪਛਾਤਿਆਂ ਵਲੋਂ ਪਹਿਲਾਂ ਮਲਕੀਤ ਸਿੰਘ ਦੇ ਹੱਥ-ਪੈਰ ਬੰਨ੍ਹੇ ਗਏ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਗਿਆ।
ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਐਤਵਾਰ ਸਵੇਰੇ ਮਲਕੀਤ ਦੇ ਘਰ ਦਾ ਦਰਵਾਜਾ ਨਾ ਖੁੱਲ੍ਹਿਆ ਤਾਂ ਲੋਕਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਦੇ ਗਲੇ ਨੂੰ ਕਪੜੇ ਨਾਲ ਘੁੱਟਿਆ ਹੋਇਆ ਸੀ ਅਤੇ ਮੰਜੇ ਨਾਲ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਦੌਰਾਨ ਲੋਕਾਂ ਵਲੋਂ ਤੁਰਤ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ।
ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੇ ਡੀ. ਐੱਸ. ਪੀ. ਸਤਿੰਦਰ ਕੁਮਾਰ ਨੇ ਦਸਿਆ ਕਿ ਮਲਕੀਤ ਦਾ ਕਤਲ ਕੀਤਾ ਗਿਆ ਹੈ, ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਪੇਸ਼ੇ ਵਜੋਂ ਵਕੀਲ ਹੈ ਅਤੇ ਘਰ ਵਿਚ ਇਕੱਲਾ ਰਹਿੰਦਾ ਸੀ। ਮਲਕੀਤ ਦਾ ਇਕ ਪੁੱਤਰ ਬਾਹਰ ਹੈ ਜਦਕਿ ਇਕ ਚੰਡੀਗੜ੍ਹ ਵਿਚ ਰਹਿੰਦਾ ਹੈ। ਇਸ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਲਕੀਤ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਵਾਰਦਾਤ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿਤਾ ਹੈ।