ਜਲੰਧਰ ਵੈਸਟ 'ਚ ਗੋਲੀ ਚੱਲਣ ਨਾਲ ਇਲਾਕੇ 'ਚ ਦਹਿਸ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਪਾਸੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਜਲੰਧਰ ਸ਼ਹਿਰ ਵਿਚ ਕਰਫ਼ਿਊ ਲੱਗਾ ਹੋਇਆ  ਹੈ ਅਤੇ ਦੂਜੇ ਪਾਸੇ ਕਈ ਲੋਕ ਅਪਣੀਆਂ ਖੁੰਦਕਾਂ ਕੱਢਣ ਵਿਚ ਲੱਗੇ ਹੋਏ ਹਨ

File Photo

ਜਲੰਧਰ,  26 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ): ਇਕ ਪਾਸੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਜਲੰਧਰ ਸ਼ਹਿਰ ਵਿਚ ਕਰਫ਼ਿਊ ਲੱਗਾ ਹੋਇਆ  ਹੈ ਅਤੇ ਦੂਜੇ ਪਾਸੇ ਕਈ ਲੋਕ ਅਪਣੀਆਂ ਖੁੰਦਕਾਂ ਕੱਢਣ ਵਿਚ ਲੱਗੇ ਹੋਏ ਹਨ। ਇਸ ਦੇ ਚਲਦੇ ਸਨਿਚਰਵਾਰ ਰਾਤ ਇਕ ਅਜਿਹੀ ਖ਼ਬਰ ਆਈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਕਰਫ਼ਿਊ ਦੇ ਚੱਲਦੇ  ਜਲੰਧਰ ਵੈਸਟ ਦੇ ਭਾਰਗਵ ਨਗਰ ਇਲਕੇ ਵਿਚ ਗੋਲੀ ਚੱਲੀ ਜਿਸ ਨਾਲ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।  ਗੋਲੀਬਾਰੀ ਦੀ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।  

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਦੋ ਲੋਕਾਂ ਨੂੰ ਮੌਕੇ ਤੋਂ ਹਿਰਾਸਤ ਵਿਚ ਲਿਆ ਹੈ। ਭਾਰਗਵ ਨਗਰ ਇਲਕੇ ਵਿਖੇ ਦੇਰ ਰਾਤ ਦੋ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਇਲਾਕੇ ਦੇ ਕੁੱਝ ਲੋਕ ਇਹ ਵੀ ਦੱਸ ਰਹੇ ਹਨ ਕਿ ਇਕ ਵਿਅਕਤੀ ਜੋ ਅਪਣੇ ਆਪ ਨੂੰ ਇਕ ਡਾਕਟਰ ਕਹਿ ਰਿਹਾ ਸੀ  ਉਸ ਨੇ ਗੋਲੀ ਚਲਾ ਦਿਤੀ। ਹਾਲਾਂਕਿ ਉਹ ਨੌਜਵਾਨ ਕੌਣ ਸੀ ਜੋ ਫ਼ਾਇਰ ਕਰ ਰਿਹਾ ਸੀ ਅਤੇ ਗੋਲੀ ਚਲਾਉਣ ਦਾ ਕਾਰਨ ਕੀ ਸੀ। ਇਸ ਦਾ ਪਤਾ ਨਹੀਂ ਲੱਗ ਸਕਿਆ। ਜਿਵੇਂ ਹੀ ਗੋਲੀ ਚੱਲਣ ਦੀ ਖ਼ਬਰ ਮਿਲੀ, ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਪੁਲਿਸ ਫ਼ੋਰਸ ਸਮੇਤ ਮੌਕੇ ਉਤੇ ਪਹੁੰਚ ਗਏ।

ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਲਾਕਾ ਵਾਸੀਆਂ ਨੇ ਦਸਿਆ ਕਿ ਦੋ ਲੋਕ ਪਹਿਲਾਂ ਗੱਲ ਕਰ ਰਹੇ ਸਨ ਅਤੇ ਫਿਰ ਅਚਾਨਕ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿਤੀ। ਇਲਾਕੇ ਦੇ ਕੁੱਝ ਲੋਕਾਂ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ, ਜਿਸ ਨੇ ਗੋਲੀ ਚਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਗੋਲੀ ਹਵਾ ਵਿਚ ਚਲਾਈ ਗਈ ਸੀ।  ਘਟਨਾ ਦੀ ਜਾਂਚ ਤੋਂ ਬਾਅਦ ਹੀ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।