ਤਾਲਾਬੰਦੀ ਦੌਰਾਨ ਸ਼ੂਗਰਫ਼ੈਡ ਨੇ 21.07 ਲੱਖ ਕਿਲੋ ਖੰਡ ਦੀ ਸਪਲਾਈ ਭੇਜੀ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ ਸੰਕਟ ਦੌਰਾਨ ਮਿਠਾਸ ਘੋਲ ਰਿਹੈ ਸ਼ੂਗਰਫ਼ੈਡ

File Photo

ਚੰਡੀਗੜ੍ਹ, 26 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ-19 ਸੰਕਟ ਦੌਰਾਨ ਸ਼ੂਗਰਫ਼ੈਡ ਪੰਜਾਬ ਵਲੋਂ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹਈਆ ਕਰਨ ਦੀ ਮੁਹਿੰਮ ਵਿਚ ਵੱਡਾ ਯੋਗਦਾਨ ਪਾਉਂਦਿਆਂ ਹੁਣ ਤਕ 21 ਲੱਖ 7 ਹਜ਼ਾਰ (21.07 ਲੱਖ) ਕਿਲੋ ਖੰਡ ਦੀ ਸਪਲਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਵਿਚ ਵੀ ਯੋਗਦਾਨ ਪਾਉਂਦਿਆਂ ਸ਼ੂਗਰਫ਼ੈਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ 29 ਲੱਖ 5 ਹਜ਼ਾਰ (29.05 ਲੱਖ) ਰੁਪਏ ਦਾ ਯੋਗਦਾਨ ਪਾਇਆ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਕਤ ਪ੍ਰਗਟਾਵਾ ਕਰਦਿਆਂ ਇਸ ਸੰਕਟ ਦੀ ਘੜੀ ਵਿਚ ਸੂਬੇ ਦੇ ਲੋਕਾਂ ਦੀ ਇਸ ਦੋਹਰੀ ਮਦਦ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਇਹ ਯੋਗਦਾਨ ਭੁਲਾਇਆ ਨਹੀਂ ਜਾਵੇਗਾ।

ਸਹਿਕਾਰਤਾ ਮੰਤਰੀ ਰੰਧਾਵਾ ਨੇ ਦਸਿਆ ਕਿ ਸੂਬੇ ਵਿਚ ਮਹਾਂਮਾਰੀ ਦੇ ਸੰਕਟ ਦੌਰਾਨ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਹਿੱਤ ਸਹਿਕਾਰੀ ਖੰਡ ਮਿੱਲਾਂ ਵਲੋਂ ਖੰਡ ਦੇ ਪੈਕਟ ਤਿਆਰ ਕਰ ਕੇ ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਦਿਤੇ ਜਾ ਰਹੇ ਹਨ। ਸਹਿਕਾਰੀ ਖੰਡ ਮਿੱਲਾਂ ਵਲੋਂ ਹੁਣ ਤਕ 2 ਕਿਲੋ ਖੰਡ ਦੇ 10 ਲੱਖ ਅਤੇ 1 ਕਿਲੋ ਖੰਡ ਦੇ 42,000 ਪੈਕਟ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪੇ ਗਏ।

ਇਸ ਤੋਂ ਇਲਾਵਾ ਸਹਿਕਾਰੀ ਖੰਡ ਮਿੱਲਾਂ ਵਲੋਂ ਕੋਵਿਡ ਕਾਰਨ ਲਗਾਏ ਕਰਫ਼ਿਊ/ਲਾਕਡਾਊਨ ਦੌਰਾਨ ਮਾਰਕਫ਼ੈਡ ਅਤੇ ਮਿਲਕਫ਼ੈਡ ਨੂੰ ਹੁਣ ਤਕ ਫ਼ਤਿਹ ਬਰਾਂਡ ਖੰਡ ਦੇ 1 ਕਿਲੋ ਦੇ 40,000 ਪੈਕਟ ਅਤੇ 5 ਕਿਲੋ ਦੇ 5,000 ਤੋਂ ਵੱਧ ਪੈਕਟ ਸਪਲਾਈ ਕੀਤੇ ਜਾ ਚੁਕੇ ਹਨ ਤਾਂ ਜੋ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਖੰਡ ਦੀ ਸਪਲਾਈ ਵਿਚ ਕਮੀ ਨਾ ਆ ਸਕੇ।

ਸ਼ੂਗਰਫ਼ੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਨੇ ਦਸਿਆ ਕਿ ਸ਼ੂਗਰਫ਼ੈਡ ਵਲੋਂ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਲਈ ਵੀ 29.05 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਦਸਿਆ ਕਿ ਸ਼ੂਗਰਫ਼ੈਡ ਕਾਮਨ ਕੇਡਰ ਦੇ ਅਧਿਕਾਰੀਆਂ ਵਲੋਂ ਸੱਤ ਦਿਨ ਦੀ ਤਨਖ਼ਾਹ ਦੇ ਬਰਾਬਰ ਅਤੇ ਸ਼ੂਗਰਫ਼ੈਡ ਮੁੱਖ ਦਫ਼ਤਰ ਅਤੇ ਮਿੱਲਾਂ ਦੇ ਮੁਲਾਜ਼ਮਾਂ ਵਲੋਂ ਇੱਕ ਦਿਨ ਦੀ ਤਨਖ਼ਾਹ ਦਾਨ ਕਰ ਕੇ ਕੁਲ 29,05,229 ਰੁਪਏ ਇਕੱਠੇ ਕਰ ਕੇ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਦਿਤੇ ਗਏ।