ਮਹੀਨਿਆਂ ਤੋਂ ਸ੍ਰੀ ਹਜ਼ੂਰ ਸਾਹਿਬ ਬੈਠੇ ਸ਼ਰਧਾਲੂਆਂ ਦੀ ਵਾਪਸੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੇ ਜਥੇ ਦੀ ਆਮਦ ਦੇ ਪ੍ਰਬੰਧਾਂ 'ਤੇ ਅਕਾਲੀਆਂ ਅਤੇ ਕਾਂਗਰਸ ਸਰਕਾਰ ਨੇ ਜਤਾਏ ਆਪੋ-ਅਪਣੇ ਹੱਕ

File Photo

ਬਠਿੰਡਾ, 26 ਅਪ੍ਰੈਲ (ਸੁਖਜਿੰਦਰ ਮਾਨ): ਮਹੀਨਿਆਂ ਤੋਂ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਬੈਠੇ ਸ਼ਰਧਾਲੂਆਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਅੱਜ ਸਵੇਰ ਕਰੀਬ 10 ਬਸਾਂ 300 ਦੇ ਕਰੀਬ ਸ਼ਰਧਾਲੂਆਂ ਨੂੰ ਲੈ ਕੇ ਪੰਜਾਬ ਪੁੱਜ ਗਈਆਂ। ਇਨ੍ਹਾਂ ਵਿਚੋਂ 7 ਬਸਾਂ ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ ਰਾਹੀਂ ਜਦਕਿ ਇਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਰਾਹੀਂ ਪੰਜਾਬ ਵਿਚ ਪਹੁੰਚੀ।

ਇਨ੍ਹਾਂ ਬਸਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਨਾਗਰਿਕਾਂ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਲੰਧਰ, ਫ਼ਾਜ਼ਿਲਕਾ, ਸੰਗਰੂਰ, ਪਟਿਆਲਾ, ਮੋਗਾ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਦੇ ਸ਼ਰਧਾਲੂ ਵੀ ਸ਼ਾਮਲ ਸਨ।
ਪੰਜਾਬ ਦੀ ਹੱਦ ਅੰਦਰ ਪ੍ਰਵੇਸ਼ ਕਰਨ 'ਤੇ ਬਠਿੰਡਾ ਦੇ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਵਿਚ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ

ਅਤੇ ਸ਼ਰਧਾਲੂਆਂ ਨੂੰ ਨਾਸਤਾ, ਪਾਣੀ, ਮਾਸਕ, ਸੈਨੀਟਾਈਜ਼ਰ ਦਿਤੇ ਗਏ ਅਤੇ ਬਸਾਂ ਨੂੰ ਸਬੰਧਤ ਜ਼ਿਲ੍ਹਿਆਂ ਲਈ ਰਵਾਨਾ ਕਰ ਦਿਤਾ ਗਿਆ। ਬਠਿੰਡਾ ਜ਼ਿਲ੍ਹੇ ਦੇ 21 ਨਾਗਰਿਕਾਂ ਨੂੰ ਸਿੱਧੇ ਇਕਾਂਤਵਾਸ ਕੇਂਦਰ ਵਿਚ ਲਿਜਾਇਆ ਗਿਆ ਜਿਥੇ ਇਨ੍ਹਾਂ ਦੀ ਮੁਕੰਮਲ ਮੈਡੀਕਲ ਜਾਂਚ ਹੋਵੇਗੀ ਅਤੇ ਸਾਰੇ ਮੈਡੀਕਲ ਨਿਯਮਾਂ ਦੀ ਪਾਲਣਾ ਤੋਂ ਬਾਅਦ ਹੀ ਇਨ੍ਹਾਂ ਨੂੰ ਘਰ ਭੇਜਿਆ ਜਾਵੇਗਾ।

ਉਧਰ ਇਸ ਪਹਿਲੇ ਜਥੇ ਦੀ ਵਾਪਸੀ ਮੌਕੇ ਵੀ ਅਕਾਲੀ ਦਲ ਤੇ ਕਾਂਗਰਸ ਸਰਕਾਰ ਸਿਆਸੀ ਲਾਹਾ ਖੱਟਣ ਲਈ ਆਪੋ-ਅਪਣੇ ਦਾਅਵੇ ਜਤਾਉਣ ਤੋਂ ਪਿਛੇ ਨਹੀਂ ਹਟੇ। ਹਾਲਾਂਕਿ ਬੀਤੇ ਕਲ ਪੰਜਾਬ ਸਰਕਾਰ ਵਲੋਂ ਸ਼੍ਰੀ ਹਜੂਰ ਸਾਹਿਬ ਤੋਂ ਹਜ਼ਾਰਾਂ ਸਰਧਾਲੂਆਂ ਨੂੰ ਵਾਪਸ ਲਿਆਉਣ ਲਈ 80 ਸਰਕਾਰੀ ਬਸਾਂ ਨੂੰ ਬਠਿੰਡਾ ਤੋਂ ਰਵਾਨਾ ਕੀਤਾ ਹੈ, ਜਿਹੜੀਆਂ ਮੱਧ ਪ੍ਰਦੇਸ਼ ਸੂਬੇ ਵਿਚ ਦਾਖ਼ਲ ਹੋ ਗਈਆਂ ਹਨ ਤੇ ਭਲਕੇ ਉਨ੍ਹਾਂ ਦੇ ਸ਼੍ਰੀ ਹਜੂਰ ਸਾਹਿਬ ਪੁੱਜ ਜਾਣ ਦੀ ਉਮੀਦ ਹੈ।

ਪਰ ਇਸ ਦੌਰਾਨ ਤਖ਼ਤ ਸ਼੍ਰੀ ਹਜੂਰ ਸਾਹਿਬ ਤੋਂ ਪਹਿਲਾਂ ਜਥਾ ਲੈ ਕੇ ਪੁੱਜੀਆਂ ਇਨ੍ਹਾਂ ਬਸਾਂ 'ਤੇ ਕਾਂਗਰਸ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਆਸਤ ਕਰਦੇ ਨਜ਼ਰ ਆਏ। ਲੋਕ ਸੰਪਰਕ ਵਿਭਾਗ ਵਲੋਂ ਇਨ੍ਹਾਂ ਸਰਧਾਲੂਆਂ ਦੀ ਵਾਪਸੀ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਵੱਡੀ ਪ੍ਰਾਪਤੀ ਦਸਿਆ। ਉਨ੍ਹਾਂ ਮੁਤਾਬਕ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰ ਕੇ ਇਨ੍ਹਾਂ ਲਈ ਸੁਰੱਖਿਅਤ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਕ ਟਵੀਟ ਜਾਰੀ ਕਰ ਕੇ ਦਾਅਵਾ ਕੀਤਾ ਕਿ 300 ਦੇ ਕਰੀਬ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਤਖ਼ਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੰਬਈ ਯੂਨਿਟ ਦੁਆਰਾ ਪੈਸੇ ਖ਼ਰਚ ਕਰ ਕੇ ਵਾਪਸ ਭੇਜਿਆ ਗਿਆ ਹੈ।

ਹਜ਼ੂਰ ਸਾਹਿਬ ਜਾਂਦੇ ਬੱਸ ਦੇ ਡਰਾਈਵਰ ਦੀ ਮੌਤ
ਬਠਿੰਡਾ : ਉਧਰ ਬੀਤੇ ਕੱਲ ਬਠਿੰਡਾ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਰਵਾਨਾ ਹੋਈਆਂ ਸਰਕਾਰੀਆਂ ਬਸਾਂ 'ਚ ਇਕ ਦੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੀ.ਆਰ.ਟੀ.ਸੀ. ਦੇ ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ 'ਚ ਮਰਨ ਵਾਲੇ ਇਸ ਡਰਾਈਵਰ ਦਾ ਨਾਂ ਮਨਜੀਤ ਸਿੰਘ ਹੈ, ਜੋ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹੈ। ਉਧਰ ਪੀ.ਆਰ.ਟੀ.ਸੀ. ਦੀਆਂ ਯੂਨੀਅਨ ਨੇ ਸਰਕਾਰ ਕੋਲੋਂ ਮ੍ਰਿਤਕ ਡਰਾਈਵਰ ਦੇ ਪਰਵਾਰ ਨੂੰ 50 ਲੱਖ ਰੁਪਏ ਵਿਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ।