ਸਿੱਖ ਰੈੈਫ਼ਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ਾਂ ਨੂੰ ਵਾਪਸ ਲਿਆਉਣ ਲਈ ਅਹਿਮ ਬੈਠਕ ਕੀਤੀ
ਸਿੱਖ ਰੈੈਫ਼ਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ਾਂ ਨੂੰ ਵਾਪਸ ਲਿਆਉਣ ਲਈ ਅਹਿਮ ਬੈਠਕ ਕੀਤੀ
ਧਾਰਮਕ ਸਮੱਗਰੀ ਖ਼ੁਰਦ-ਬੁਰਦ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਸ਼ਾਹਪੁਰ
ਅੰਮਿ੍ਰਤਸਰ, 26 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਰੈੈਫ਼ਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ ਸਾਕਾ ਨੀਲਾ ਤਾਰਾ ਦੌਰਾਨ ਫ਼ੌਜ ਵਲੋਂ ਅਪਣੇ ਕਬਜ਼ੇ ਵਿਚ ਕਰਨ ਦੇ ਮਸਲੇ ਵਿਚ ਸ਼੍ਰੋਮਣੀ ਗੁਰਦਵਾਰਾ ਕਮੇਟੀ ਵਲੋਂ ਬਣਾਈ ਗਈ ਸਬ ਕਮੇਟੀ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਬੜੀ ਬਾਰੀਕੀ ਨਾਲ ਖ਼ੁਰਦ-ਬੁਰਦ ਹੋਏ ਧਾਰਮਕ, ਸਾਹਿਤ ਬਾਰੇ ਚਰਚਾ ਕੀਤੀ ਗਈ ਜਿਸ ਸਬੰਧੀ ਕੇਸ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਜਵਾਬ ਮੰਗਦੀ ਹੈ ਕਿ ਫ਼ੌਜ ਵਲੋਂ ਕਿੰਨਾ ਸਮਾਨ ਵਾਪਸ ਕੀਤਾ ਗਿਆ ਹੈ ਅਤੇ ਹੋਰ ਬਾਕੀ ਕੀ ਹੈ? ਇਸ ਸਬੰਧੀ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਅੰਤ੍ਰਿਗ ਕਮੇਟੀ ਨੇ ਦਸਿਆ ਕਿ ਬੜੀ ਬਾਰੀਕੀ ਨਾਲ ਇਸ ਮਸਲੇ ’ਤੇ ਵਿਚਾਰ ਕੀਤੀ ਗਈ ਅਤੇ ਉਹ ਦਾਅਵਾ ਕਰਦੇ ਹਨ ਕਿ ਸਮਾਨ ਖ਼ੁਰਦ-ਬੁਰਦ ਕਰਨ ਵਾਲੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਉਹ ਇਸ ਸਬੰਧੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਉਹ ਤਾਂ ਇਸ ਮਹਾਨ ਸੰਸਥਾ ਨਾਲ ਜੁੜੇ ਹਨ। ਇਸ ਮੌਕੇ ਲਾਇਬ੍ਰੇਰੀਰਨ ਬਲਬੀਰ ਸਿੰਘ ਅਤੇ ਹਰਦੀਪ ਸਿੰਘ ਦੇ ਬਿਆਨ ਕਲਮਬੰਦ ਕੀਤੇ ਗਏ। ਇਸ ਸਮੁੱਚੀ ਮੀਟਿੰਗ ਦੀ ਬਕਾਇਦਾ ਵੀਡੀਉ ਰਿਕਾਰਡਿੰਗ ਵੀ ਕੀਤੀ ਗਈ। ਸ. ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਵਾਪਸ ਕੀਤੇ ਗਏ ਨਾ-ਮਾਤਰ ਸਮਾਨ ਦੇ ਨਾਲ ਰਜਿਸਟਰ ਵੀ ਪ੍ਰਾਪਤ ਕੀਤੇ ਗਏ ਹਨ, ਜਿਨ੍ਹਾਂ ਤੇ ਹਰ ਧਾਰਮਕ ਪੁਸਤਕ ਦੇ ਬਕਾਇਦਾ ਨੰਬਰ ਵੀ ਲੱਗੇ ਹੋਏ ਹਨ, ਜਿਨ੍ਹਾਂ ਤੋਂ ਸਮੁੱਚੇ ਸਮਾਨ ਦਾ ਪਤਾ ਲਾਇਆ ਜਾ ਸਕਦਾ ਹੈ।
ਲੰਮਾ ਸਮਾਂ ਚਲੀ ਇਸ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ,ਬੀਬੀ ਕਿਰਨਜੋਤ ਕੌਰ,ਅਮਰੀਕ ਸਿੰਘ ਸ਼ਾਹਪੁਰ, ਡਾ.ਅਮਰ ਸਿੰਘ ਤੇ ਹੋਰ ਸ਼੍ਰੋਮਣੀ ਕਮੇਟੀ ਦੇ ਸਬੰਧਤ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।