ਗੁਰਜੀਤ ਔਜਲਾ ਨੇ ਪਾਕਿਸਤਾਨ ਤੋਂ ਆਕਸੀਜਨ ਲੈਣ ਸਬੰਧੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮਿ੍ਰਤਸਰ ਤੋਂ ਪਾਣੀਪਤ 350 ਕਿਲੋਮੀਟਰ ਹੈ, ਲਾਹੌਰ ਤੋਂ ਸਿਰਫ਼ 50 ਕਿਲੋਮੀਟਰ

Gurjeet Aujla

ਅੰਮਿ੍ਰਤਸਰ (ਸੁਖਵਿੰਦਜੀਤ ਸਿੰਘ ਬਹੋੜੂ): ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਇਦਹੀ ਫਾਊਂਡੇਸਨ ਵੱਲੋਂ ਭਾਰਤ ਨੂੰ ਆਕਸੀਜਨ ਦਿੱਤੇ ਜਾਣ ਦੀ ਪੇਸਕਸ ‘ਤੇ ਟਿੱਪਣੀ ਕਰਦਿਆਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਮਹਾਂਮਾਰੀ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਤਜਵੀਜ ਨੂੰ ਮਨਜੂਰ ਕਰਨ ਦੀ ਅਪੀਲ ਕੀਤੀ ਹੈ।

ਜੇਕਰ ਦੋਵੇਂ ਦੇਸ ਗੁਰਧਾਮਾਂ ਨੂੰ ਲੈ ਕੇ ਆਪਣੀਆਂ ਸਰਹੱਦਾਂ ਖੋਲ੍ਹ ਸਕਦੇ ਹਨ ਤਾਂ ਲੋਕਾਂ ਦੀਆਂ ਬੇਸਕੀਮਤੀ ਜਾਨਾਂ ਬਚਾਉਣ ਲਈ ਪਾਕਿਸਤਾਨ ਤੋਂ ਆਕਸੀਜਨ ਲੈਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਔਜਲਾ ਨੇ ਕਿਹਾ ਕਿ ਦੇਸ ਦੀ ਸਰਕਾਰ ਕੋਰੋਨਾ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ ਸਿਰ ਤੋੜ ਯਤਨ ਕਰ ਰਹੀ ਹੈ ਅਤੇ ਦੇਸ ਵਿੱਚ ਆਕਸੀਜਨ ਦੇ ਭੰਡਾਰ ਵੀ ਕਾਫੀ  ਹਨ ਪਰ ਟਰਾਂਸਪੋਰਟੇਸਨ ਦੀ ਸੁਵਿਧਾ ਵਿਚ ਕਮੀਆਂ ਕਾਰਨ ਦੂਰ ਦੁਰਾਡੇ ਆਕਸੀਜਨ ਪਹੁੰਚਾਓਣਾ ਮੁਸਕਲ ਹੋ ਰਿਹਾ ਹੈ।   

ਪੰਜਾਬ ਦਾ ਸਭ ਤੋਂ ਨੇੜਲਾ ਆਕਸੀਜਨ ਪਲਾਂਟ ਪਾਣੀਪਤ ਜੋ ਕਿ ਅੰਮਿ੍ਰਤਸਰ ਤੋਂ  350  ਕਿਲੋਮੀਟਰ ਪੈਂਦਾ ਹੈ  ਜਦ ਕਿ ਲਾਹੌਰ ਤੋਂ ਸਿਰਫ 50 ਕਿਲੋਮੀਟਰ ਦੂਰੀ ‘ਤੇ  ਆਕਸੀਜਨ ਮਿਲ ਸਕਦੀ ਹੈ। ਭਾਵੇਂ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਆਕਸੀਜਨ ਦੇ ਪ੍ਰਬੰਧ ਕਰ ਰਹੀ ਹੈ ਪਰ ਕਿਉਂਕਿ ਅਜਿਹੇ ਐਮਰਜੰਸੀ ਹਲਾਤਾਂ ਵਿੱਚ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੇ ਇਹ ਫੈਸਲਾ ਲੈਣਾ ਹੈ ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਕੇ ਇਸ ਸਬੰਧ ਵਿੱਚ ਤੁਰੰਤ ਧਿਆਨ ਦੇਣ ਦੀ ਲੋੜ ‘ਤੇ ਜੋਰ ਦਿੱਤਾ ਹੈ।  

ਪੱਤਰ ਦੀ ਕਾਪੀ ਕੇਂਦਰੀ ਸਿਹਤ ਮੰਤਰੀ ਹਰਸਵਰਧਨ ਅਤੇ ਕੇਂਦਰੀ ਵਿਦੇਸ ਮੰਤਰੀ ਐਸ ਜੈਸੰਕਰ ਨੂੰ ਭੇਜਿਆ ਔਜਲਾ ਨੇ ਦੋਹਾਂ ਮੰਤਰੀਆਂ ਨੂੰ  ਆਪਣੇ ਆਪਣੇ ਪੱਧਰ ‘ਤੇ ਇਹ ਮਸਲ੍ਹਾ ਹੱਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ  ਐਮਰਜੈਂਸੀ ਦੀ ਹਾਲਾਤ ਵਿਚ ਇਕ ਦਮ ਆਕਸੀਜਨ ਭੇਜਣ ਲਈ ਟੈਂਕਰ ਅਤੇ ਟਰੇਨਾ ਮੁਹਈਆ ਕਰਵਾਉਣਾ ਆਸਾਨ ਕੰਮ ਨਹੀਂ ਹੈ । ਇਸ ਲਈ ਪਾਕਿਸਤਾਨ ਤੋਂ ਆਈ ਤਜਵੀਜ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਗੁਆਂਢੀ ਮੁਲਕ ਤੋਂ ਲਾਹਾ ਲੈਣਾ ਚਾਹੀਦਾ ਹੈ। ਅਜਿਹੇ ਕਦਮ ਨਾਲ ਦੋਵਾਂ ਦੇਸਾਂ ਵਿਚ ਮਿੱਤਰਤਾਪੂਰਨ  ਸਬੰਧ ਕਾਇਮ ਹੋਣਗੇ।