ਪੰਜਾਬ 'ਚ ਸਰਕਾਰ ਵਲੋਂ ਹਫ਼ਤਾਵਾਰੀ ਤਾਲਾਬੰਦੀ ਦਾ ਫ਼ੈਸਲਾ ਪਰ ਫ਼ਿਲਹਾਲ ਮੁਕੰਮਲ ਤਾਲਾਬੰਦੀ ਨਹੀਂ
ਪੰਜਾਬ 'ਚ ਸਰਕਾਰ ਵਲੋਂ ਹਫ਼ਤਾਵਾਰੀ ਤਾਲਾਬੰਦੀ ਦਾ ਫ਼ੈਸਲਾ ਪਰ ਫ਼ਿਲਹਾਲ ਮੁਕੰਮਲ ਤਾਲਾਬੰਦੀ ਨਹੀਂ
ਸ਼ਹਿਰਾਂ ਵਿਚ ਸ਼ਾਮ ਨੂੰ ਬਾਜ਼ਾਰ ਬੰਦ ਕਰਨ ਦਾ ਸਮਾਂ 6 ਵਜੇ ਤੇ ਪਿੰਡਾਂ ਵਿਚ 5 ਵਜੇ ਕੀਤਾ
ਚੰਡੀਗੜ੍ਹ, 26 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਵੱਧ ਰਹੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਅਤੇ ਮੌਤਾਂ ਦਾ ਅੰਕੜਾ ਵਧਣ ਬਾਅਦ ਸੂਬਾ ਸਰਕਾਰ ਨੇ ਹੁਣ ਹਫ਼ਤਾਵਾਰੀ ਤਾਲਾਬੰਦੀ ਕਰਨ ਦਾ ਫ਼ੈਸਲਾ ਲਿਆ ਹੈ ਪਰ ਮੁਕੰਮਲ ਤਾਲਾਬੰਦੀ ਪੂਰੀ ਤਾਲਾਬੰਦੀ ਫ਼ਿਲਹਾਲ ਲਾਗੂ ਨਹੀਂ ਹੋਵੇਗੀ | ਇਹ ਫ਼ੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਕੋਰੋਨਾ ਰਿਵੀਊ ਬਾਰੇ ਮੀਟਿੰਗ ਵਿਚ ਲਿਆ ਗਿਆ | ਇਸ ਵਿਚ ਮੰਤਰੀਆਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ | ਭਾਵੇਂ ਹਫ਼ਤਾਵਾਰੀ ਤਾਲਾਬੰਦੀ ਦੇ ਸਰਕਾਰੀ ਤੌਰ 'ਤੇ ਵਿਸਥਾਰਤ ਹੁਕਮ ਬਾਅਦ ਵਿਚ ਜਾਰੀ ਹੋਣਗੇ ਪਰ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੀਡੀਆ ਨਾਲ ਗੱਲਬਾਤ ਵਿਚ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ |
ਉਨ੍ਹਾਂ ਦਸਿਆ ਕਿ ਵੱਧ ਰਹੇ ਕੋਰੋਨਾ ਖ਼ਤਰੇ ਕਾਰਨ ਹੁਣ ਸੋਮਵਾਰ ਤੋਂ ਸ਼ੁਕਰਵਾਰ ਤਕ ਸ਼ਹਿਰਾਂ ਵਿਚ ਦੁਕਾਨਾਂ ਤੇ ਹੋਰ ਕਾਰੋਬਾਰ 6 ਵਜੇ ਬੰਦ ਕਰਨ ਤੇ ਪਿੰਡਾਂ ਵਿਚ 5 ਵਜੇ ਬੰਦ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ | ਰਾਤ ਦਾ ਕਰਫ਼ਿਊ 6 ਵਜੇ ਬਾਅਦ ਬਰਕਰਾਰ ਰਹੇਗਾ | ਜਾਖੜ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਫ਼ਿਲਹਾਲ ਮੁਕੰਮਲ ਤਾਲਾਬੰਦੀ ਦੇ ਹੱਕ ਵਿਚ ਨਹੀਂ ਕਿਉਂਕਿ ਪਹਿਲਾਂ ਹੀ ਸੂਬੇ ਦਾ ਬਹੁਤ ਆਰਥਕ ਨੁਕਸਾਨ ਹੋਇਆ ਹੈ | ਲੋਕਾਂ ਦੀ ਰੋਜ਼ੀ ਰੋਟੀ ਦਾ ਵੀ ਮਸਲਾ ਹੈ | ਇਸ ਕਰ ਕੇ ਹਫ਼ਤਾਵਾਰੀ ਤਾਲਾਬੰਦੀ ਤੇ ਬਾਕੀ ਦਿਨਾਂ ਵਿਚ ਹੋਰ ਸਖ਼ਤ ਪਾਬੰਦੀਆਂ ਲਾ ਕੇ ਕੋਰੋਨਾ ਦੀ ਰੋਕਥਾਮ ਦੇ ਯਤਨ ਹੋਣਗੇ | ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ |