ਕੇਂਦਰ ਸਰਕਾਰ ਕੋਵਿਡ ਮਹਾਂਮਾਰੀ ਦੌਰਾਨ ਜ਼ਰੂਰੀ ਦਵਾਈਆਂ ਅਤੇ ਹੋਰ ਵਸਤਾਂ ਦੀ ਜ਼ਖ਼ੀਰੇਬਾਜ਼ੀ ਰੋਕਣ ਵਿਚ
ਕੇਂਦਰ ਸਰਕਾਰ ਕੋਵਿਡ ਮਹਾਂਮਾਰੀ ਦੌਰਾਨ ਜ਼ਰੂਰੀ ਦਵਾਈਆਂ ਅਤੇ ਹੋਰ ਵਸਤਾਂ ਦੀ ਜ਼ਖ਼ੀਰੇਬਾਜ਼ੀ ਰੋਕਣ ਵਿਚ ਫ਼ੇਲ੍ਹ : ਮੀਤ ਹੇਅਰ
ਚੰਡੀਗੜ੍ਹ, 26 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਵਿਡ ਮਹਾਂਮਾਰੀ ਦੇ ਦੌਰ ’ਚ ਅਤਿ ਜ਼ਰੂਰੀ ਦਵਾਈਆਂ ਅਤੇ ਹੋਰ ਵਸਤਾਂ ਦੀ ਜ਼ਖ਼ੀਰੇਬਾਜ਼ੀ ਰੋਕਣ ਵਿਚ ਫ਼ੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੋਰੋਨਾ 19 ਦੇ ਇਲਾਜ ਲਈ ਪੀੜਤਾਂ ਦੇ ਪ੍ਰਵਾਰ ਰੈਮਡੇਸਿਵਰ, ਕੋਵਿਡ ਵੈਕਸੀਨਸ ਅਤੇ ਆਕਸੀਜਨ ਗੈਸ ਦੀ ਪ੍ਰਾਪਤੀ ਲਈ ਦਰ ਦਰ ਭਟਕ ਰਹੇ ਹਨ, ਪਰ ਦੂਜੇ ਪਾਸੇ ਬਹੁਤ ਸਾਰੇ ਜ਼ਖ਼ੀਰੇਬਾਜ਼ ਇਨ੍ਹਾਂ ਦੀ ਜਮ੍ਹਾਂਖ਼ੋਰੀ ਕਰ ਕੇ ਕਾਲਾ ਬਾਜ਼ਾਰੀ ਕਰਨ ਵਿਚ ਲੱਗੇ ਹੋਏ ਹਨ। ਹੇਅਰ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਕੋਰੋਨਾ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਜੀਵਨ ਬਚਾਉ ਸਾਧਨਾਂ ਦੀ ਸੁਚੱਜੀ ਵਿਵਸਥਾ ਕਰਨ ਲਈ ਜ਼ਿੰਮੇਵਾਰ ਸੀ, ਪਰ ਉਹ ਇਨ੍ਹਾਂ ਦੀ ਜਮ੍ਹਾਂਖੋਰੀ ਰੋਕਣ ਵਿਚ ਪੂਰਨ ਤੌਰ ’ਤੇ ਨਾਕਾਰਾ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਿ ਕੋਰੋਨਾ ਦੀ ਮਹਾਂਮਾਰੀ ਦੇਸ਼ ਵਿਚ ਫੈਲਿਆ ਜਿਸ ਨਾਲ ਹੁਣ ਤਕ ਕਰੋੜਾਂ ਲੋਕ ਪ੍ਰਭਾਵਤ ਹੋਏ ਅਤੇ ਲੱਖਾਂ ਲੋਕ ਅਪਣੀਆਂ ਜਾਨਾਂ ਗੁਆ ਚੁੱਕੇ ਹਨ।
ਵਿਧਾਇਕ ਨੇ ਸਵਾਲ ਕੀਤਾ ਕਿ ਮੋਦੀ ਸਰਕਾਰ ਨੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਦਵਾਈਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ? ਜਦੋਂ ਦੇਸ਼ ਦੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋੋਰੋਨਾ ਮਹਾਂਮਾਰੀ ਦੇ ਮੁੜ ਫੈਲਣ ਦੀ ਚੇਤਾਵਨੀ ਦੇ ਦਿਤੀ ਸੀ? ਜਦੋਂ ਜਮ੍ਹਾਂਖੋਰਾਂ ਨੇ ਦਵਾਈਆਂ, ਆਕਸੀਜਨ ਅਤੇ ਹੋਰ ਜਾਨ ਬਚਾਉ ਵਸਤਾਂ ਦੀ ਜਮ੍ਹਾਂਖੋਰੀ ਕਰ ਲਈ ਤਾਂ ਹੁਣ ਇਨ੍ਹਾਂ ਦੀ ਮੰਗ ਵੱਧ ਗਈ ਅਤੇ ਪੂਰਤੀ ਨਾ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਅਪਣੀ ਜਾਨ ਗੁਆਉਣੀ ਪੈ ਗਈ ਹੈ।