ਬੁਢਲਾਡਾ/ਬੋਹਾ (ਕੁਲਵਿੰਦਰ ਚਹਿਲ, ਦਰਸ਼ਨ ਹਾਕਮਵਾਲਾ): ਕੇਂਦਰ ਸ਼ਾਸਤ ਪ੍ਰਦੇਸ਼ ਲੇਹ ਲਦਾਖ ਦੇ ਸਿਆਚਿਨ ਖੇਤਰ ਵਿਚ ਬਰਫ਼ ਦੇ ਤੋਦੇ ਗਿਰਨ ਕਾਰਨ 21 ਪੰਜਾਬ ਰੈਜੀਮੈਂਟ ਵੈਬਰੂ ਦੇ ਛੇ ਜਵਾਨ ਬਰਫ਼ ਵਿਚ ਦਬ ਗਏ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਹਨਾਂ ਵਿਚ 2 ਜਵਾਨ ਸਿਪਾਹੀ ਪ੍ਰਭਜੀਤ ਸਿੰਘ ਅਤੇ ਅਮਰਦੀਪ ਸਿੰਘ ਪੰਜਾਬ ਤੋਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਹਾਕਮਵਾਲਾ ਦਾ ਸੈਨਿਕ ਪ੍ਰਭਜੀਤ ਸਿੰਘ (23) ਅਤੇ ਅਮਰਦੀਪ ਸਿੰਘ (23) ਜੋ ਪਿੰਡ ਕਰਮਗੜ ਬਰਨਾਲਾ ਦਾ ਦਸਿਆ ਜਾ ਰਿਹਾ ਹੈ ਦੀ ਮੌਤ ਦੀ ਸੂਚਨਾ ਇਲਾਕੇ ਵਿਚ ਅੱਗ ਵਾਂਗ ਫੈਲ ਗਈ। ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਤਿੰਨ ਸਾਲ ਪਹਿਲਾਂ ਪਿੰਡ ਵਿਚ ਪੜ੍ਹਾਈ ਮੁਕਮਲ ਕਰਨ ਉਪਰੰਤ 21 ਪੰਜਾਬ ਬਟਾਲੀਅਨ ਵਿਚ ਸੈਨਿਕ ਵਜੋਂ ਭਰਤੀ ਹੋਇਆ ਸੀ ਅਤੇ ਇਸ ਵੇਲੇ ਲੇਹ ਲਦਾਖ ਦੇ ਉਚਾਈ ਵਾਲੇ ਖੇਤਰ ਸਿਆਚਿਨ ਵਿਚ ਤਾਇਨਾਤ ਸੀ।
ਗ਼ਰੀਬ ਕਿਸਾਨ ਪਰਵਾਰ ਨਾਲ ਸਬੰਧਤ ਉਸ ਦਾ ਪਿਤਾ ਜਗਪਾਲ ਸਿੰਘ ਕੋਲ ਕੇਵਲ ਡੇਢ ਏਕੜ ਜ਼ਮੀਨ ਹੈ ਤੇ ਉਹ ਦੋ ਭਰਾ ਪ੍ਰਿਤਪਾਲ ਸਿੰਘ ਅਤੇ ਪ੍ਰਭਜੀਤ ਸਿੰਘ ਸਨ ਜਿਨ੍ਹਾਂ ਵਿਚ ਇਹ ਸੱਭ ਤੋਂ ਛੋਟਾ ਸੀ। ਉਸ ਦੀ ਮ੍ਰਿਤਕ ਕਲ ਦੇਰ ਸ਼ਾਮ ਤਕ ਉਸ ਦੇ ਜੱਦੀ ਪਿੰਡ ਹਾਕਮਵਾਲਾ ਵਿਖੇ ਪਹੁੰਚਣ ਦੀ ਸੰਭਾਵਨਾ ਹੈ। ਸੂਤਰਾ ਮੁਤਾਬਕ ਉਸ ਦਾ ਸਸਕਾਰ ਪੂਰੇ ਸਰਕਾਰੀ ਸਨਾਮਨ ਨਾਲ ਕੀਤਾ ਜਾਵੇਗਾ।
ਮੁੱਖ ਮੰਤਰੀ ਵਲੋਂ ਦੋਵੇਂ ਸ਼ਹੀਦਾਂ ਦੇ ਪਰਵਾਰਕ ਮੈਂਬਰਾਂ ਲਈ ਐਕਸ-ਗ੍ਰੇਸ਼ੀਆ ਅਤੇ ਨੌਕਰੀ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਭਜੀਤ ਸਿੰਘ ਅਤੇ ਸਿਪਾਹੀ ਅਮਰਦੀਪ ਸਿੰਘ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜ਼ਾ ਅਤੇ ਇਕ-ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਜੋ ਲੰਘੀ 25 ਅਪ੍ਰੈਲ ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਏ।
ਬਹਾਦਰ ਸੈਨਿਕਾਂ ਦੇ ਪਰਵਾਰਾਂ ਨਾਲ ਹਮਦਰਦੀ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਉਨ੍ਹਾਂ ਦੀ ਸਮਰਪਤ ਭਾਵਨਾ ਬਾਕੀ ਸੈਨਿਕਾਂ ਨੂੰ ਅਪਣੀ ਡਿਊਟੀ ਹੋਰ ਵੀ ਸਮਰਪਣ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ।
ਦੱਸਣਯੋਗ ਹੈ ਕਿ ਸਿਆਚਿਨ ਗਲੇਸ਼ੀਅਰ ਵਿਚ ਬਰਫੀਲੇ ਤੂਫਾਨ ਕਾਰਨ ਦੋਵੇਂ ਸੈਨਿਕਾਂ ਦੀ ਮੌਤ ਹੋ ਗਈ। ਸਿਪਾਹੀ ਪ੍ਰਭਜੀਤ ਸਿੰਘ, ਮਾਨਸਾ ਜਿਲ੍ਹੇ ਦੇ ਪਿੰਡ ਹਾਕਮਵਾਲਾ ਦਾ ਵਸਨੀਕ ਹੈ ਜੋ ਆਪਣੇ ਪਿੱਛੇ ਮਾਪੇ ਅਤੇ ਇਕ ਵੱਡਾ ਭਰਾ ਛੱਡ ਗਿਆ। ਇਸੇ ਤਰ੍ਹਾਂ ਸਿਪਾਹੀ ਅਮਰਦੀਪ ਸਿੰਘ, ਬਰਨਾਲਾ ਜਿਲ੍ਹੇ ਦੇ ਪਿੰਡ ਕਰਮਗੜ੍ਹ ਦਾ ਵਸਨੀਕ ਸੀ, ਜੋ ਆਪਣੇ ਪਿੱਛੇ ਪਿਤਾ ਅਤੇ ਇਕ ਛੋਟੀ ਭੈਣ ਛੱਡ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਹੀਦਾਂ ਦੀਆਂ ਦੇਹਾਂ ਲੇਹ ਤੋਂ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ 27 ਅਪ੍ਰੈਲ (ਮੰਗਲਵਾਰ) ਨੂੰ ਪਹੁੰਚ ਰਹੀਆਂ ਹਨ।