ਚੋਣ ਕਮਿਸ਼ਨ ਕੋਰੋਨਾ ਦੀ ਦੂਜੀ ਲਹਿਰ ਲਈ 'ਇਕੱਲਾ' ਜ਼ਿੰਮੇਵਾਰ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਕੋਰੋਨਾ ਦੀ ਦੂਜੀ ਲਹਿਰ ਲਈ 'ਇਕੱਲਾ' ਜ਼ਿੰਮੇਵਾਰ

image


ਚੋਣ ਕਮਿਸ਼ਨ ਦੇ ਅਧਿਕਾਰੀਆਂ ਵਿਰੁਧ ਹਤਿਆ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦੈ

ਚੇਨਈ, 26 ਅਪੈ੍ਰਲ : ਮਦਰਾਸ ਉੱਚ ਅਦਾਲਤ ਨੇ ਸੋਮਵਾਰ ਨੂੰ  ਚੋਣ ਕਮਿਸ਼ਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਕਥਿਤ ਪ੍ਰਕੋਪ ਲਈ ਉਸ ਨੂੰ  'ਸੱਭ ਤੋਂ ਗ਼ੈਰ ਜ਼ਿੰਮੇਵਾਰ' ਸੰਸਥਾ ਕਰਾਰ ਦਿਤਾ, ਕਿਉਂਕਿ ਚੋਣ ਕਮਿਸ਼ਨ ਨੇ ਕੋਰੋਨਾ ਆਫ਼ਤ ਤੋਂ ਬਾਅਦ ਵੀ ਚੋਣ ਰੈਲੀਆਂ ਨੂੰ  ਨਹੀਂ ਰੋਕਿਆ | ਅਦਾਲਤ ਨੇ ਚੋਣ ਕਮਿਸ਼ਨ ਨੂੰ  ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਲਈ 'ਇਕੱਲਾ' ਜ਼ਿੰਮੇਵਾਰ ਕਰਾਰ ਦਿਤਾ | 
ਅਦਾਲਤ ਨੇ ਕਿਹਾ ਕਿ ਚੋਣ ਕਸ਼ਿਨ ਨੇ ਸਿਆਸੀ ਦਲਾਂ ਨੂੰ  ਰੈਲੀਆਂ ਅਤੇ ਸਭਾਵਾਂ ਕਰਨ ਦੀ ਪ੍ਰਵਾਨਗੀ ਦੇ ਕੇ ਮਹਾਂਮਾਰੀ ਨੂੰ  ਫੈਲਣ ਦਾ ਮੌਕਾ ਦਿਤਾ | ਅਦਾਲਤ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਿਰੁਧ ਹਤਿਆ ਦੇ ਦੋਸ਼ਾਂ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ | ਮੁੱਖ ਜੱਜ ਸੰਜੀਵ ਬੈਨਰਜੀ ਅਤੇ ਜੱਜ ਸੇਂਥਿਲਕੁਮਾਰ ਰਾਮਮੂਰਤੀ ਦੀ ਬੈਂਚ ਨੇ ਇਕ ਜਨਹਿਤ ਅਪੀਲ 'ਤੇ ਸੁਣਵਾਈ ਕਰਦੇ ਹੋਏ ਇਹ ਟਿਪਣੀ ਕੀਤੀ | ਅਪੀਲ ਵਿਚ ਅਧਿਕਾਰੀਆਂ ਨੂੰ  ਕੋਰੋਨਾ ਨਿਯਮਾਂ ਅਨੁਸਾਰ ਪ੍ਰਭਾਵੀ ਕਦਮ ਚੁਕਦੇ ਹੋਏ ਅਤੇ ਢੁਕਵੇਂ ਪ੍ਰਬੰਧ ਕਰ ਕੇ ਦੋ ਮਈ ਨੂੰ  ਕਰੂਰ ਵਿਚ ਨਿਰਪੱਖ ਵੋਟਾਂ ਦੀ ਗਿਣਤੀ ਕਰਨ ਦਾ ਹੁਕਮ ਦੇਣ ਦੀ ਬੇਨਤੀ ਕੀਤੀ ਗਈ ਹੈ |
  ਅਪੀਲਕਰਤਾ ਦਾ ਕਹਿਣਾ ਹੈ ਕਿ ਕਰੂਰ ਚੋਣ ਖੇਤਰ ਵਿਚ ਹੋਈਆਂ ਚੋਣਾਂ ਵਿਚ 77 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਹੈ, ਅਜਹੇ ਵਿਚ ਉਨ੍ਹਾਂ ਦੇ ਏਜੰਟ ਨੂੰ  ਵੋਟ ਗਿਣਤੀ ਕਮਰੇ ਵਿਚ ਥਾਂ ਦੇਣਾ ਕਾਫੀ ਔਖਾ ਹੋਵੇਗਾ | ਇਸ ਨਾਲ ਨਿਯਮਾਂ ਦੇ ਪਾਲਣ 'ਤੇ ਅਸਰ ਪੈ ਸਕਦਾ ਹੈ | ਚੋਣ ਕਮਿਸ਼ਨ ਦੇ ਵਕੀਲ ਨੇ ਜਦੋਂ ਜੱਜਾਂ ਨੂੰ  ਦਸਿਆ 
ਕਿ ਸਾਰੇ ਜ਼ਰੂਰੀ ਕਦਮ ਚੁਕੇ ਜਾ ਰਹੇ ਹਨ ਤਾਂ ਬੈਂਚ ਨੇ ਕਿਹਾ ਕਿ ਉਸ ਨੇ ਸਿਆਸੀ ਦਲਾਂ ਨੂੰ  ਰੈਲੀਆਂ ਅਤੇ ਸਭਾਵਾਂ ਕਰਨ ਦੀ ਪ੍ਰਵਾਨਗੀ ਦੇ ਕੇ ਕੋਵਿਡ ਦੀ ਦੂਜੀ ਲਹਿਰ ਦੇ ਪ੍ਰਕੋਪ ਦਾ ਰਸਤਾ ਸਾਫ਼ ਕਰ ਦਿਤਾ ਸੀ | ਜੱਜਾਂ ਨੇ ਜ਼ੁਬਾਨੀ ਰੂਪ ਵਿਚ ਚਿਤਾਵਨੀ ਦਿਤੀ ਕਿ ਉਹ ਦੋ ਮਈ ਨੂੰ  ਹੋਣ ਵਾਲੀ ਵੋਟਾਂ ਦੀ ਗਿਣਤੀ ਰੋਕਣ ਤੋਂ ਵੀ ਪ੍ਰਹੇਜ਼ ਨਹੀਂ ਕਰਨਗੇ |
  ਜ਼ਿਕਰਯੋਗ ਹੈ ਕਿ ਦੇਸ਼ ਦੇ 5 ਸੂਬਿਆਂ : ਆਸਾਮ, ਤਾਮਿਲਨਾਡੂ, ਕੇਰਲ, ਪਛਮੀ ਬੰਗਾਲ ਅਤੇ ਪੁਡੂਚੇਰੀ ਵਿਚ ਚੋਣਾਂ ਹੋਈਆਂ | ਚਾਰ ਸੂਬਿਆਂ ਵਿਚ ਤਾਂ ਚੋਣਾਂ ਖ਼ਤਮ ਹੋ ਚੁਕੀਆਂ ਹਨ, ਜਦਕਿ ਪਛਮੀ ਬੰਗਾਲ ਵਿਚ ਜਾਰੀ ਹਨ | ਚੋਣਾਂ ਵਾਲੇ ਸੂਬਿਆਂ 'ਚ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਕੋਰੋਨਾ ਦੇ ਕੇਸ ਵੱਧਣ ਨਾਲ ਕਈ ਪਾਬੰਦੀਆਂ ਲਾ ਦਿਤੀਆਂ ਗਈਆਂ ਹਨ | (ਪੀਟੀਆਈ)