ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਗੁਨਾਹਗਾਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਹੁੰਦੀ
ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਗੁਨਾਹਗਾਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਹੁੰਦੀ
ਤਾਂ 3 ਮਈ ਨੂੰ ਪੰਥਕ ਇਕੱਠ ਬੁਲਾਉਣ ਦੀ ਲੋੜ ਨਹੀਂ ਸੀ!
ਕੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਵੀ ਥਮਿੰਦਰ ਸਿੰਘ ਅਨੰਦ ਵਾਂਗ ਏਜੰਡੇ 'ਤੇ ਰਖਿਆ ਗਿਆ ਹੈ?
ਅੰਮਿ੍ਤਸਰ, 26 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿ.ਹਰਪ੍ਰੀਤ ਸਿੰਘ ਨੇ ਤਿੰਨ ਮਈ ਨੂੰ ਪੰਥਕ ਇਕੱਠ, ਥਮਿੰਦਰ ਸਿੰਘ ਅਨੰਦ ਖਿਲਾਫ ਸੱਦ ਲਿਆ ਹੈ ਜਿਸ ਤੇ ਦੋਸ਼ ਹੈ ਕਿ ਉਸ ਨੇ ਗੁਰਬਾਣੀ ਨਾਲ ਛੇੜ-ਛਾੜ ਕੀਤੀ ਹੈ | ਇਹ ਤਿੰਨ ਮਈ ਦਾ ਪੰਥਕ ਇਕੱਠ, ਸਿੱਖ ਸਿਆਸਤ ਵਿਚ ਧਮਾਕੇਦਾਰ ਹੋਣ ਦੀ ਚਰਚਾ ਪੰਥਕ ਹਲਕਿਆਂ ਚ ਆਰੰਭ ਹੋ ਗਈ ਹੈ | ਸਿੱਖ ਰਾਜਨੀਤੀਵਾਨਾਂ ਦੀ ਸੋਚ ਹੈ ਕਿ ,ਜੇਕਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਂਦੀਆਂ ਤਾਂ ਥਮਿੰਦਰ ਸਿੰਘ ਅਨੰਦ ਵਰਗੇ ਵਿਅਕਤੀਆਂ ਅਜਿਹੀ ਜੁਰਅਤ ਕਰਨ ਲਈ ਸੌ ਵਾਰ ਸੋਚਣਾਂ ਸੀ | ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਂਨ ਸੁਖਦੇਵ ਸਿੰਘ ਢੀਂਡਸਾ ਨੇ ਮੌਜੂਦਾ ਪੰਥਕ ਹਲਾਤਾਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਹਿਯੋਗ ਦੇਣ ਤਾਂ ਜੋ ਸਿੱਖ ਪ੍ਰਭਾਵ ਵਾਲੇ ਸੂਬੇ ਪੰਜਾਬ ਤੇ ਪੰਥ ਨੂੰ ਹੋਰ ਬਰਬਾਦ ਹੋਣੋਂ ਬਚਾਇਆ ਜਾ ਸਕੇ ਜਿਸ ਤੇ ਵੱਖ ਵੱਖ ਹਮਲੇ ਹੋ ਰਹੇ ਹਨ |ਉਨਾਂ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਵਾਰ ਨੂੰ ਜ਼ੋਰ ਦਿਤਾ ਹੈ ਕਿ ਉਹ ਸਰਗਰਮ ਸਿਆਸਤ ਛੱਡ ਦੇਣ ਤਾਂ ਜੋ ਕੌਮ ਦੀ ਸੰਸਥਾ ਮੁੜ ਆਪਣੇ ਅਮੀਰ ਵਿਰਸੇ ਨਾਲ ਜੁੜ ਸਕੇ | ਪੰਥਕ ਹਲਕਿਆਂ ਅਨੁਸਾਰ ,ਸੰਨ 2015 ਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿਚ ,ਸੌਦਾ ਸਾਧ ਤੇ ਉਸ ਦੇ ਪੈਰੋਕਾਰਾਂ ਖਿਲਾਰੇ ਸਨ ਜਦ ਪੰਜਾਬ ਵਿਚ ਬਾਦਲ ਸਰਕਾਰ ਸੀ ਪਰ ਚੰਦ ਵੋਟਾਂ ਖਾਤਰ ਸਾਧ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ,ਉਸ ਵੇਲੇ ਦੇ ਜਥੇਦਾਰਾਂ ਬਿਨਾ ਕਿਸੇ ਮਾਫੀਨਾਮੇਂ ਦੇ ਪੰਥ ਚੋਂ ਛੇਕੇ ਸਾਧ ਮਾਫ ਕਰ ਦਿਤਾ | ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਂਨ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ ਅਪਣੀ ਸਰਕਾਰੀ ਕੋਠੀ ,ਤਖਤਾਂ ਦੇ ਜਥੇਦਾਰਾਂ ਨੂੰ ਸਾਧ ਦੀ ਮਾਫ਼ੀ ਲਈ ਸੱਦਿਆ ਸੀ ਤੇ ਚੱਬੇ ਸਰਬੱਤ ਖਲਸੇ 'ਚ ਇੰਨਾਂ ਖ਼ਿਲਾਫ਼ ਕੌਮ ਦਾ ਏਨਾਂ ਰੋਹ ਭੜਕਿਆ ਸੀ ਕਿ ਮੰਤਰੀਆਂ ਦਾ ਘਰੋੰ ਨਿਕਲਣਾ ਮੁਸ਼ਕਲ ਹੋ ਗਿਆ ਸੀ | ਬਾਦਲਾਂ ਉਪਰੰਤ ਕੈਪਟਨ ਹਕੂਮਤ ਨੇ ਵੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਉਹ ਦੋਸ਼ੀ ਕਿਸੇ ਵੀ ਕੀਮਤ ਤੇ ਬਖਸ਼ਣਗੇ ਨਹੀਂ ਪਰ ਉਹ ਵੀ ਗੁਰੁ ਸਾਹਿਬ ਨੂੰ ਇਨਸਾਫ਼ ਦੇਣੋਂ ਮੁੱਕਰ ਗਏ ਜਿਸ ਕਾਰਨ ਰੋਹ ਵਿਚ ਆਈ ਕੌਮ ਨੇ ਬਾਦਲ-ਕੈਪਟਨ ਮਿਸਾਲੀ ਸਜ਼ਾ ਦਿਤੀ ਜੋ ਸੱਭ ਦੇ ਸਾਹਮਣੇ ਹੈ |