ਇੰਡੋਨੇਸ਼ੀਆ ਤੋਂ ਕੱਚੇ ਪਾਮ ਤੇਲ ਦੀ ਦਰਾਮਦ ਰਹੇਗੀ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਇੰਡੋਨੇਸ਼ੀਆ ਤੋਂ ਕੱਚੇ ਪਾਮ ਤੇਲ ਦੀ ਦਰਾਮਦ ਰਹੇਗੀ ਜਾਰੀ

image

ਨਵੀਂ ਦਿੱਲੀ, 27 ਅਪ੍ਰੈਲ : ਭਾਰਤ ਲਈ ਚੰਗੀ ਖ਼ਬਰ ਇਹ ਹੈ ਕਿ ਇੰਡੋਨੇਸ਼ੀਆ ਨੇ ਕੱਚੇ ਪਾਮ ਤੇਲ ਦੇ ਨਿਰਯਾਤ ’ਤੇ ਪਾਬੰਦੀ ਨਹੀਂ ਲਗਾਈ ਹੈ। ਇੰਡੋਨੇਸ਼ੀਆ ਦੇ ਖੇਤੀਬਾੜੀ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਕੱਚੇ ਪਾਮ ਤੇਲ ਨੂੰ ਨਿਰਯਾਤ ਪਾਬੰਦੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹਾਲ ਹੀ ’ਚ ਖ਼ਬਰਾਂ ਆ ਰਹੀਆਂ ਸਨ ਕਿ ਇੰਡੋਨੇਸ਼ੀਆ ਪਾਮ ਆਇਲ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਬਾਰੇ ਸੋਚ ਰਿਹਾ ਹੈ।
ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਆਉਣ ਵਾਲੇ ਸਮੇਂ ’ਚ ਭਾਰਤੀ ਬਾਜ਼ਾਰ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ 10 ਫ਼ੀ ਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਇੰਡੋਨੇਸ਼ੀਆ ਤੋਂ ਕੱਚੇ ਪਾਮ ਤੇਲ ਦੀ ਬਰਾਮਦ ’ਤੇ ਭਾਵੇਂ ਪਾਬੰਦੀ ਨਹੀਂ ਲਗਾਈ ਗਈ ਹੈ ਪਰ ਬਰਾਮਦ ਡਿਊਟੀ ਵਧਾ ਕੇ ਦਿਤੀ ਗਈ ਹੈ, ਜਿਸ ਦਾ ਅਸਰ ਕੱਚੇ ਪਾਮ ਆਇਲ ਦੀਆਂ ਕੀਮਤਾਂ ’ਤੇ ਵੀ ਪਵੇਗਾ। ਰਿਫ਼ਾਇੰਡ, ਬਲੈਂਡਡ ਅਤੇ ਡੀਓਡੋਰਾਈਜ਼ਡ (ਆਰਬੀਡੀ) ਪਾਮ ਆਇਲ ਦੇ ਨਿਰਯਾਤ ’ਤੇ ਪਾਬੰਦੀ ਹੋਵੇਗੀ।
ਇੰਡੋਨੇਸ਼ੀਆ ਦੇ ਇਸ ਫੈਸਲੇ ਦਾ ਅਸਰ ਐਫ਼.ਐਮ.ਸੀ.ਜੀ ਕੰਪਨੀਆਂ ਦੀ ਲਾਗਤ ’ਤੇ ਵੀ ਪਵੇਗਾ। ਕ੍ਰਿਸਿਲ ਰਿਸਰਚ ਦੇ ਨਿਰਦੇਸ਼ਕ ਪੁਸ਼ਨ ਸ਼ਰਮਾ ਅਨੁਸਾਰ, ਇੰਡੋਨੇਸ਼ੀਆ ਦੇ ਇਸ ਫ਼ੈਸਲੇ ਦਾ ਫ਼ਾਇਦਾ ਇਹ ਹੋਵੇਗਾ ਕਿ ਭਾਰਤ ਵਿਚ ਕੱਚੇ ਪਾਮ ਤੇਲ ਨੂੰ ਸ਼ੁੱਧ ਕਰਨ ਦੀ ਗਤੀਵਿਧੀ ਵਧੇਗੀ ਅਤੇ ਉਤਪਾਦਨ ਦਾ ਇਹ ਕੰਮ ਘਰੇਲੂ ਪੱਧਰ ’ਤੇ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਦਾ ਮੰਨਣਾ ਹੈ ਕਿ ਇੰਡੋਨੇਸ਼ੀਆ ਆਉਣ ਵਾਲੇ ਸਮੇਂ ਵਿਚ ਪਾਮ ਆਇਲ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਦੇ ਅਪਣੇ ਫ਼ੈਸਲੇ ’ਤੇ ਵਿਚਾਰ ਕਰ ਸਕਦਾ ਹੈ। ਮਾਹਰਾਂ ਮੁਤਾਬਕ ਇੰਡੋਨੇਸ਼ੀਆ ਦੇ ਇਸ ਫ਼ੈਸਲੇ ਨਾਲ ਉਥੇ ਪਾਮ ਆਇਲ ਦੀਆਂ ਕੀਮਤਾਂ ਡਿੱਗ ਜਾਣਗੀਆਂ, ਜਿਸ ਨਾਲ ਉਥੋਂ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਤੇਲ ਵਪਾਰੀਆਂ ਮੁਤਾਬਕ ਬਰਾਮਦ ਕੀਮਤਾਂ ਵਧਣ ਕਾਰਨ ਘਰੇਲੂ ਕੀਮਤਾਂ ਵਧਣੀਆਂ ਤੈਅ ਹਨ ਅਤੇ ਸੋਮਵਾਰ ਨੂੰ ਹੀ ਕੌਮਾਂਤਰੀ ਪੱਧਰ ’ਤੇ ਪਾਮ ਆਇਲ ਦੀ ਕੀਮਤ ਛੇ ਫ਼ੀ ਸਦੀ ਵਧ ਗਈ। (ਏਜੰਸੀ)