ਦੜਾ-ਸੱਟਾ ਲਗਾਉਣ ਵਾਲੇ ਗਿਰੋਹ ਖ਼ਿਲਾਫ਼ ਵੱਡੀ ਕਾਰਵਾਈ, ਕਿੰਗਪਿੰਨ ਅੱਛਰੂ ਨੂੰ 9 ਸਾਥੀਆਂ ਸਣੇ ਕੀਤਾ ਗਿਆ ਕਾਬੂ
ਇੰਸਪੈਕਟਰ ਜੀ.ਐਸ. ਸਿਕੰਦ ਵੱਲੋ 25 ਲੱਖ ਦੀ ਰਾਸ਼ੀ ਸਮੇਤ ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ
ਪਟਿਆਲਾ: ਐੱਸਐੱਸਪੀ ਪਟਿਆਲਾ ਡਾ.ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਜੀ.ਐਸ. ਸਿਕੰਦ ਵੱਲੋਂ ਦੜਾ-ਸੱਟਾ ਲਗਾਉਣ ਵਾਲੇ ਗਿਰੋਹ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸਮਾਣਾ ਦੇ ਵੱਡੇ ਕਿੰਗਪਿੰਨ ਅੱਛਰੂ ਨੂੰ ਉਸ ਦੇ ਗਿਰੋਹ ਸਮੇਤ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਕੋਲੋਂ ਵੱਡੀ ਰਕਮ ਬਰਾਮਦ ਕਰਨ ਵਿਚ ਵੀ ਸਫ਼ਲਤਾ ਮਿਲੀ ਹੈ। ਕਾਰਵਾਈ ਦੋਰਾਨ ਇੰਸਪੈਕਟਰ ਸਿਕੰਦ ਵੱਲੋ 25 ਲੱਖ ਦੀ ਨਕਦੀ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
GS Sikand
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵਿਚ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਆਈਪੀਐਸ ਡਾ.ਨਾਨਕ ਸਿੰਘ ਵੱਲੋਂ ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਨੂੰ ਉਸ ਵੇਲੇ ਭਰਵਾ ਹੁੰਗਾਰਾ ਮਿਲਿਆ ਜਦੋਂ ਸਪੈਸ਼ਲ ਸੈੱਲ ਦੇ ਇੰਚਾਰਜ ਜੀ.ਐਸ. ਸਿਕੰਦ ਨੇ ਦੜਾ ਸੱਟਾ ਲਗਾਉਣ ਵਾਲੇ ਪਾਤੜਾਂ ਅਤੇ ਸਮਾਣਾ ਦੇ ਦਰਜਨਾਂ ਵਪਾਰੀ ਕਾਬੂ ਕੀਤੇ। ਪਟਿਆਲਾ ਪੁਲਿਸ ਦੀ ਇਸ ਕਾਰਵਾਈ ਨਾਲ ਸੱਟਾ ਗਿਰੋਹ ਦਾ ਲੱਕ ਟੁੱਟਣਾ ਲਾਜ਼ਮੀ ਹੈ।
SSP Nanak Singh
ਜਾਣਕਾਰੀ ਮੁਤਾਬਕ ਪਾਤੜਾਂ ਤੋ ਚਾਰ, ਸੰਗਰੂਰ ਤੋ ਇਕ ਅਤੇ ਸਮਾਣਾ ਤੋ ਅੱਧੀ ਦਰਜਨ ਦੇ ਲਗਭਗ ਸੱਟਾ ਵਪਾਰੀ ਫੜੇ ਗਏ ਹਨ। ਇਸ ਕਾਰਵਾਈ ਤੋਂ ਬਾਅਦ ਆਮ ਲੋਕਾਂ ਨੂੰ ਵੀ ਲੁੱਟ ਖਸੁੱਟ ਦੀਆਂ ਘਟਨਾਵਾਂ ਤੋਂ ਰਾਹਤ ਮਿਲੇਗੀ। ਜੀ.ਐਸ. ਸਿਕੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਸਮਾਣਾ ਦੇ ਕਿੰਗਪਿੰਨ ਅੱਛਰੂ ਰਾਮ ਕੋਲੋਂ 25 ਲੱਖ ਰੁਪਏ ਬਰਾਮਦ ਕਰਨ ਤੋਂ ਬਾਅਦ ਉਸ ਦੇ 9 ਹੋਰ ਸਾਥੀਆਂ ਨੂੰ ਵੱਖ ਵੱਖ ਥਾਵਾ ਤੋਂ ਕਾਬੂ ਕੀਤਾ ਹੈ।
Arrest
ਉਹਨਾਂ ਦੱਸਿਆ ਕਿ ਸਮਾਣਾ ਤੋ ਅੱਛਰੂ ਰਾਮ, ਕਸ਼ਮੀਰ ਰਾਮ ਉਰਫ਼ ਖੀਰਾ ਸਮਾਣਾ, ਸ਼ਿਵ ਕੁਮਾਰ ਪੁੱਤਰ ਓਮ ਪ੍ਰਕਾਸ਼ ਚੰਦ ਸਮਾਣਾ, ਦਿਨੇਸ਼ ਫਰੂਟ ਸੋਪ ਸਮਾਣਾ, ਰਾਜੇਸ਼ ਕੁਮਾਰ ਪੁੱਤਰ ਰਾਜਿੰਦਰ ਪਾਲ ਪਾਤੜਾਂ, ਸੋਨੂੰ (ਸੁਖਦੇਵ) ਪੁੱਤਰ ਤਾਰਾ ਚੰਦ ਪਾਤੜਾਂ, ਕੁਲਦੀਪ ਪਾਤੜਾਂ ਅਤੇ ਕਾਲਾ ਰਾਮ ਵਾਸੀ ਸੰਗਰੂਰ ਖਿਲਾਫ਼ ਜੂਆ ਐਕਟ ਤਹਿਤ ਮੁਕੱਦਮਾ ਨੰਬਰ 94 ਧਾਰਾ 420 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜੀ.ਐਸ. ਸਿਕੰਦ ਨੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।