ਕਰਜ਼ੇ ਤੋਂ ਦੁਖੀ ਕਿਸਾਨ ਨੇ ਖਾਧਾ ਜ਼ਹਿਰ, ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਏਜੰਸੀ

ਖ਼ਬਰਾਂ, ਪੰਜਾਬ

ਨਾਭਾ ਦੇ ਪਿੰਡ ਤੂੰਗਾ ਦਾ ਰਹਿਣ ਵਾਲਾ ਸੀ ਹਰਦੀਪ ਸਿੰਘ 

navjot singh sidhu ate farmer Hardeep Singh's cremation

ਅਜਿਹਾ ਹੀ ਇੱਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਕਿਸਾਨ ਨੇ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਹਿਚਾਣ ਹਰਦੀਪ ਸਿੰਘ ਵਜੋਂ ਹੋਈ ਹੈ ਜੋ ਨਾਭਾ ਦੇ ਪਿੰਡ ਤੁੰਗਾ ਦਾ ਰਹਿਣ ਵਾਲਾ ਸੀ। ਇਸ ਵਾਰ ਆਪਣੀ ਫ਼ਸਲ ਦਾ ਘੱਟ ਝਾੜ ਨਿਕਲਣ ਤੇ ਹਰਦੀਪ ਸਿੰਘ ਨੇ ਦੁਖੀ ਹੋ ਕੇ ਜ਼ਹਿਰੀਲੀਆਂ ਗੋਲੀਆਂ ਖਾ ਲਈਆਂ ਅਤੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿਤਾ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਹਰਦੀਪ ਸਿੰਘ ਦੀ ਉਮਰ 41 ਸਾਲ ਦੱਸੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਕਿਸਾਨ ਨੇ 4 ਮਹੀਨੇ ਪਹਿਲਾਂ ਹੀ ਆਪਣੀ ਧੀ ਨੂੰ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਸੀ ਅਤੇ ਹੁਣ ਫ਼ਸਲ ਦਾ ਝਾੜ ਵੀ ਘੱਟ ਨਿਕਲਿਆ ਜਿਸ ਕਾਰਨ ਹਰਦੀਪ ਸਿੰਘ ਬਹੁਤ ਪ੍ਰੇਸ਼ਾਨ ਰਹਿ ਰਿਹਾ ਸੀ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਗਲਬਾਤ ਕਰਦੇ ਹੋਏ ਦੱਸਿਆ ਕਿ ਹਰਦੀਪ ਸਿੰਘ ਨੇ ਕਰਜ਼ੇ ਦਾ ਬੋਝ ਨਾ ਝੱਲਣ ਕਾਰਨ ਜ਼ਹਿਰ ਖਾ ਲਿਆ ਅਤੇ ਉਸ ਨੂੰ ਸਥਾਨਕ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦਿਤਾ ਗਿਆ। ਮ੍ਰਿਤਕ ਕਿਸਾਨ ਦੇ ਸਰ 20 - 25 ਲੱਖ ਰੁਪਇਆ ਕਰਜ਼ਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿਤਾ ਜਾਵੇ ਅਤੇ ਸਾਰਾ ਕਰਜ਼ਾ ਮਾਫ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਬੇਟਾ ਬਾਰਵੀਂ ਜਮਾਤ ਵਿਚ ਪੜ੍ਹ ਇਹ ਹੈ ਜਿਸ ਨੂੰ ਨੌਕਰੀ ਦਿਤੀ ਜਾਣੀ ਚਾਹੀਦੀ ਹੈ।

ਪਿੰਡ ਵਾਲਿਆਂ ਨੇ ਕਿਹਾ ਕਿ ਇਸ ਵਾਰ ਫ਼ਸਲ ਦਾ ਝਾੜ ਘੱਟ ਹੋਣ ਕਾਰਨ ਇਹ ਇੱਕ ਹਰਦੀਪ ਸਿੰਘ ਨਹੀਂ ਸਗੋਂ ਕਈ ਹਰਦੀਪ ਸਿੰਘ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਹੈ ਕਿਉਂਕਿ ਜਦੋਂ ਕਰਜ਼ੇ ਦੀ ਪੰਡ ਭਾਰੀ ਹੋ ਜਾਵੇ ਤਾਂ ਲੋਕ ਮੌਤ ਨੂੰ ਗਲ਼ ਲਗਾਉਣਾ ਹੀ ਬਿਹਤਰ ਸਮਝਦੇ ਹਨ। ਇਸ ਲਈ ਸਰਕਾਰ ਨੂੰ ਅਜਿਹੇ ਮਾਮਲਿਆਂ ਵਲ ਧਿਆਨ ਦੇਣਾ ਚਾਹੀਦਾ ਹੈ।

ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਜਿਥੇ ਕੋਈ ਵੀ ਸਰਕਾਰੀ ਨੁਮਾਇੰਦਾ ਪਰਿਵਾਰ ਨਾਲ ਦੁੱਖ ਵੰਡਾਉਣ ਨਹੀਂ ਪਹੁੰਚਿਆ ਪਰ ਨਵਜੋਤ ਸਿੰਘ ਸਿੱਧੂ ਇਸ ਮੌਕੇ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਦੁੱਖ ਵੰਡਾਏ ਬਿਨ੍ਹਾ ਕਿਸੇ ਵੀ ਮੁੱਖ ਮੰਤਰੀ ਜਾਂ ਕਿਸੇ ਵੀ ਸਿਆਸੀ ਅਹੁਦੇਦਾਰ ਦਾ ਵੱਕਾਰ ਨਹੀਂ ਹੈ।

ਇਸ ਲਈ ਜ਼ਮੀਨੀ ਪੱਧਰ 'ਤੇ ਆ ਕੇ ਕਿਸਾਨਾਂ ਦੀ ਸਾਰ ਲੈਣ ਵਾਲਾ ਹੀ ਯੋਗ ਹੁਕਮਰਾਨ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਮੁਆਵਜ਼ਾ ਦੇਣ ਨਾਲ ਕਿਸੇ ਦੀ ਜਾਨ ਵਾਪਸ ਨਹੀਂ ਲਿਆਂਦੀ ਜਾ ਸਕਦੀ ਪਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਾਲ ਉਨ੍ਹਾਂ ਦਾ ਗ਼ਮ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ।