ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੋਵੇਗੀ ਸ਼ੁਰੂ: ਲਾਲਜੀਤ ਸਿੰਘ ਭੁੱਲਰ
ਪੰਜਾਬ ਦੇ ਟਰਾਂਸਪੋਰਟ ਸਕੱਤਰ ਵੱਲੋਂ ਦਿੱਲੀ ਸਰਕਾਰ ਦੇ ਹਮਰੁਤਬਾ ਅਧਿਕਾਰੀ ਅਤੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੀ ਮੁੜ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵੇਂ ਸਰਕਾਰਾਂ ਦੇ ਮੁੱਖ ਮੰਤਰੀਆਂ ਦਰਮਿਆਨ ਗੱਲਬਾਤ ਉਪਰੰਤ ਟਰਾਂਸਪੋਰਟ ਵਿਭਾਗਾਂ ਦੇ ਸਕੱਤਰ ਪੱਧਰ ਦੀ ਮੀਟਿੰਗ ਦੌਰਾਨ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ।
Transport Minister Laljit Singh Bhullar
ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਕਾਫ਼ੀ ਦੇਰ ਤੋਂ ਲਮਕ ਰਹੇ ਇਸ ਅਹਿਮ ਮੁੱਦੇ ਬਾਰੇ ਜਾਣੂ ਕਰਵਾਇਆ ਸੀ ਜਿਸ ਨਾਲ ਟਰਾਂਸਪੋਰਟ ਵਿਭਾਗ ਦੀ ਆਮਦਨ ਵਿੱਚ ਜਿੱਥੇ ਸਿੱਧੇ ਤੌਰ 'ਤੇ ਵਾਧਾ ਹੋਣ ਬਾਰੇ ਮੁੱਖ ਮੰਤਰੀ ਨੂੰ ਦੱਸਿਆ ਗਿਆ, ਉਥੇ ਸਰਕਾਰੀ ਬੱਸਾਂ ਨਾ ਚਲਣ ਕਾਰਨ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਸੂਬੇ ਦੇ ਮੁਸਾਫ਼ਰਾਂ ਦੀ ਕੀਤੀ ਜਾ ਰਹੀ ਲੁੱਟ ਸਬੰਧੀ ਮਾਮਲਾ ਵੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਇਹ ਮਾਮਲਾ ਚੁੱਕਿਆ ਸੀ।
Bhagwant mann
ਭੁੱਲਰ ਨੇ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੂੰ ਦਿੱਲੀ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਕਿਹਾ ਸੀ ਜਿਸ ਪਿੱਛੋਂ ਅੱਜ ਪੰਜਾਬ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਿਕਾਸ ਗਰਗ ਵੱਲੋਂ ਦਿੱਲੀ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਅਸ਼ੀਸ਼ ਕੁੰਦਰਾ ਅਤੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਦਾਲਤ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਵੱਖ-ਵੱਖ ਪਹਿਲੂਆਂ 'ਤੇ ਵਿਚਾਰ-ਚਰਚਾ ਕੀਤੀ ਗਈ।
Punjab government's bus service to Delhi International Airport will start soon
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀਆਂ ਬੱਸਾਂ ਵੱਖ-ਵੱਖ ਸ਼ਹਿਰਾਂ ਤੋਂ ਸ਼ੁਰੂ ਨਾਲ ਯਾਤਰੀਆਂ ਨੂੰ ਕਿਫ਼ਾਇਤੀ ਦਰਾਂ 'ਤੇ ਸਫ਼ਰ ਮੁਹੱਈਆ ਕਰਵਾਇਆ ਜਾ ਸਕੇਗਾ। ਇਸੇ ਦੌਰਾਨ ਟਰਾਂਸਪੋਰਟ ਸਕੱਤਰ ਵਿਕਾਸ ਗਰਗ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਪ੍ਰਮੁੱਖ ਸਕੱਤਰ ਅਸ਼ੀਸ਼ ਕੁੰਦਰਾ ਨੇ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਛੇਤੀ ਹੀ ਹੱਲ ਕੱਢ ਲਿਆ ਜਾਵੇਗਾ ਅਤੇ ਪੰਜਾਬ ਦੀ ਸਰਕਾਰੀ ਬੱਸ ਸਰਵਿਸ ਦਿੱਲੀ ਹਵਾਈ ਅੱਡੇ ਤੱਕ ਚਲ ਸਕੇਗੀ। ਮੀਟਿੰਗ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਿਮਲ ਕੁਮਾਰ ਸੇਤੀਆ, ਵਿਸ਼ੇਸ਼ ਕਮਿਸ਼ਨਰ ਦਿੱਲੀ ਓ.ਪੀ. ਮਿਸ਼ਰਾ, ਡਿਪਟੀ ਕਮਿਸ਼ਨਰ ਟਰਾਂਸਪੋਰਟ ਦਿੱਲੀ ਵਿਨੋਦ ਯਾਦਵ ਅਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀ ਹਾਜ਼ਰ ਸਨ।