ਸੀਤਾਰਮਣ ਨੇ ਅਮਰੀਕੀ ਸੈਮੀਕੰਡਕਟਰ ਕੰਪਨੀਆਂ ਨੂੰ ਭਾਰਤ ’ਚ ਦਿਤਾ ਸੱਦਾ

ਏਜੰਸੀ

ਖ਼ਬਰਾਂ, ਪੰਜਾਬ

ਸੀਤਾਰਮਣ ਨੇ ਅਮਰੀਕੀ ਸੈਮੀਕੰਡਕਟਰ ਕੰਪਨੀਆਂ ਨੂੰ ਭਾਰਤ ’ਚ ਦਿਤਾ ਸੱਦਾ

image

ਵਾਸ਼ਿੰਗਟਨ, 27 ਅਪ੍ਰੈਲ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅਮਰੀਕੀ ਸੈਮੀਕੰਡਕਟਰ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਭਾਰਤ ’ਚ ਨਿਵੇਸ਼ ਲਈ ਸੱਦਾ ਦਿਤਾ। ਵਿੱਤ ਮੰਤਰੀ ਨੇ ਸਿਲੀਕਾਨ ਵੈਲੀ ’ਚ ਸਥਿਤ ਕੰਪਨੀਆਂ ਲਈ ਭਾਰਤ ’ਚ ਮੌਕਿਆਂ ਬਾਰੇ ਦਸਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸੈਮੀਕੰਡਕਟਰ ਮਿਸ਼ਨ ਰਾਹੀਂ ਪ੍ਰੋਤਸਾਹਨ ਦੇਣ ਨਾਲ ਸੰਪੂਰਨ ਸੈਮੀਕੰਡਕਟਰ ਮੁੱਲ ਲੜੀ ’ਚ ਇਕ ਭਰੋਸੇਮੰਦ ਖਿਡਾਰੀ ਬਣਨ ਲਈ ਵਚਨਬੱਧ ਹੈ। ਸਰਕਾਰ ਨੇ ਪਿਛਲੇ ਸਾਲ ਦੇਸ਼ ’ਚ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ 76,000 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿਤੀ ਸੀ।
ਇਸ ਯੋਜਨਾ ਦਾ ਮਕਸਦ ਗਲੋਬਲ ਪੱਧਰ ’ਤੇ ਭਾਰਤ ਨੂੰ ਉੱਚ ਤਕਨਾਲੋਜੀ ਆਧਾਰਤ ਉਤਪਾਦਨ ਕੇਂਦਰ ਵਜੋਂ ਸਥਾਪਤ ਕਰਨਾ ਅਤੇ ਵੱਡੇ ਚਿੱਪ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨਾ ਹੈ। ਡਿਜਾਈਨ, ਨਿਰਮਾਣ, ਉਪਕਰਨ, ਤਕਨਾਲੋਜੀ ਅਤੇ ਪ੍ਰਣਾਲੀਆਂ ਸਮੇਤ ਸੈਮੀਕੰਡਕਟਰ ਈਕੋ ਸਿਸਟਮ ਦੀਆਂ ਦਿੱਗਜ਼ ਹਸਤੀਆਂ ਨੇ ਸੈਨ ਫ਼੍ਰਾਂਸਿਸਕੋ ਦੇ ਵਿੱਤ ਮੰਤਰੀ ਨਾਲ ਬੈਠਕ ’ਚ ਕਿਹਾ ਕਿ ਉਨ੍ਹਾਂ ਪਿਛਲੇ ਕੁੱਝ ਸਾਲਾਂ ’ਚ ਭਾਰਤ ’ਚ ਅਪਣੀਆਂ ਸਮਰਥਾਵਾਂ ਨੂੰ ਕਾਫੀ ਹੱਦ ਤਕ ਵਧਾਇਆ ਹੈ। ਬੈਠਕ ’ਚ ਏ. ਐਮ. ਡੀ. ਦੇ ਮੁੱਖ ਵਿੱਤੀ ਅਧਿਕਾਰੀ ਅਤੇ ਖ਼ਜ਼ਾਨਚੀ ਦਵਿੰਦਰ ਕੁਮਾਰ, ਵੈਸਟਰਨ ਡਿਜੀਟਲ ਦੇ ਸੀਨੀਅਰ ਉੱਪ-ਪ੍ਰਧਾਨ ਡੈਨ ਸਟੀਅਰ, ਮਾਈਕ੍ਰੋਨ ਟੈੱਕ ’ਚ ਗਲੋਬਲ ਆਪ੍ਰੇਟਿੰਗ ਦੇ ਕਾਰਜਕਾਰੀ ਉਪ-ਪ੍ਰਧਾਨ ਮਨੀਸ਼ ਭਾਟੀਆ ਸਮੇਤ ਕਈ ਦਿੱਗਜ਼ ਸ਼ਾਮਲ ਹੋਏ।
ਪ੍ਰਵਾਸੀ ਭਾਰਤੀਆਂ ਦੀ ਇਕ ਪ੍ਰਮੁੱਖ ਸੰਸਥਾ ਐਫ਼. ਆਈ. ਆਈ. ਡੀ. ਐੱਸ. ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਕਿਹਾ ਕਿ ਪ੍ਰਵਾਸੀ ਭਾਰਤੀਆਂ (ਐਨ. ਆਰ. ਆਈ.) ਅਤੇ ਭਾਰਤ ਦੇ ਵਿਦੇਸ਼ੀ ਨਾਗਰਿਕ (ਓ. ਸੀ. ਆਈ.) ਕਾਰਡਧਾਰਕਾਂ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐਫ਼. ਆਈ. ਆਈ. ਡੀ. ਐੱਸ.) ਅਮਰੀਕਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਕੌਮਾਂਤਰੀ ਭਾਰਤੀ ਭਾਈਚਾਰੇ ਦੇ ਨਿਵੇਸ਼ ਨਾਲ ਭਾਰਤੀ ਅਰਥਵਿਵਸਥਾ ਨੂੰ ਹੋਰ ਬੜ੍ਹਾਵਾ ਮਿਲੇਗਾ। ਐਫ਼. ਆਈ. ਆਈ. ਡੀ. ਐੱਸ. ਇਕ ਅਮਰੀਕਾ ਸਥਿਤ ਸੰਸਥਾਨ ਹੈ ਜੋ ਭਾਰਤ-ਅਮਰੀਕਾ ਸਬੰਧਾਂ ਨੂੰ ਬੜ੍ਹਾਵਾ ਦੇਣ ਲਈ ਕੰਮ ਕਰਦਾ ਹੈ। ਸੀਤਾਰਮਣ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐਫ਼.) ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬਸੰਤ ਬੈਠਕ ’ਚ ਹਿੱਸਾ ਲੈਣ ਤੋਂ ਬਾਅਦ ਇਸ ਸਮੇਂ ਵੈਸਟ ਕੋਸਟ ’ਚ ਹਨ। 
(ਏਜੰਸੀ)