ਗਰਮੀ ਨੇ ਕੱਢੇ ਵੱਟ, ਪੰਜਾਬ ਵਿਚ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ

ਏਜੰਸੀ

ਖ਼ਬਰਾਂ, ਪੰਜਾਬ

ਆਉਣ ਵਾਲੇ ਦਿਨਾਂ 'ਚ ਲੂ ਚੱਲਣ ਦਾ ਖ਼ਦਸ਼ਾ 

heat wave in punjab

ਅੱਜ ਅਤੇ ਕੱਲ ਸੂਬੇ ਵਿਚ ਮੌਸਮ ਰਹੇਗਾ ਖੁਸ਼ਕ ਜਿਸ ਕਾਰਨ ਵਧੇਗੀ ਹੋਰ ਗਰਮੀ 
ਮੁਹਾਲੀ :
ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਤੇਜ਼ ਹਨੇਰੀ ਅਤੇ ਹਲਕੀ ਬਾਰਿਸ਼ ਤੋਂ ਬਾਅਦ ਕੁਝ ਰਾਹਤ ਮਿਲੀ ਸੀ। ਕਈ ਥਾਵਾਂ 'ਤੇ ਧੂੜ ਭਰੀ ਹਨੇਰੀ ਅਤੇ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਪਰ ਇਸ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਦੇ ਪਾਰ ਪਹੁੰਚ ਗਿਆ ਹੈ ਅਤੇ ਕਈਆਂ ਦਾ ਤਾਪਮਾਨ 40 ਦੇ ਨੇੜੇ ਪਹੁੰਚ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ ਤੋਂ ਮੌਸਮ ਇੱਕ ਵਾਰ ਫਿਰ ਖੁਸ਼ਕ ਹੋਣ ਵਾਲਾ ਹੈ ਅਤੇ ਤੇਜ਼ ਧੁੱਪ ਦੀ ਸੰਭਾਵਨਾ ਹੈ। ਇਸ ਦੇ ਚਲਦੇ ਹੀ ਤਾਪਮਾਨ ਵਿਚ ਹੋਰ ਵਾਧਾ ਹੋਵੇਗਾ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਗਰਮੀ ਦਾ ਪ੍ਰਕੋਪ ਵਧੇਗਾ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਪੰਜਾਬ ਵਿੱਚ 27 ਅਤੇ 28 ਅਪ੍ਰੈਲ ਨੂੰ ‘ਲੂ’ ਦਾ ਬੋਲਬਾਲਾ ਰਹੇਗਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਦੁਪਹਿਰ ਨੂੰ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣਾ ਬਿਹਤਰ ਹੋਵੇਗਾ। ਜੇਕਰ ਬਾਹਰ ਜਾਣਾ ਹੋਵੇ ਤਾਂ ਪਾਣੀ ਜਾਂ ਨਿੰਬੂ ਪਾਣੀ ਪੀ ਕੇ ਬਾਹਰ ਜਾਓ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਪਟਿਆਲਾ ਦਾ ਤਾਪਮਾਨ 40 ਦੇ ਪਾਰ ਪਹੁੰਚ ਗਿਆ ਹੈ। ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਜਲੰਧਰ ਦਾ ਤਾਪਮਾਨ 39 ਡਿਗਰੀ ਤੋਂ ਵੱਧ, ਪਰ 40 ਡਿਗਰੀ ਤੋਂ ਘੱਟ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਅਤੇ ਵੀਰਵਾਰ ਨੂੰ ਉੱਤਰੀ ਭਾਰਤ ਵਿੱਚ ਤਾਪਮਾਨ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਗਰਮੀ ਹੋਰ ਵਧੇਗੀ। ਗਰਮੀ ਵਧਣ ਤੋਂ ਇਲਾਵਾ ਹੀਟ ਵੇਵ ਆਉਣ ਦੀ ਸੰਭਾਵਨਾ ਹੈ। ਜਿਸ ਦੀ ਐਡਵਾਈਜ਼ਰੀ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।