ਸੁਖਜਿੰਦਰ ਰੰਧਾਵਾ ਨੇ ਵਾਪਸ ਨਹੀਂ ਕੀਤੀ ਸਰਕਾਰੀ ਗੱਡੀ, ਵਿਭਾਗ ਵਲੋਂ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਇਹ ਗੱਡੀ ਸਿਰਫ਼ ਕੈਬਨਿਟ ਰੈਂਕ ਲਈ ਮਿਲਦੀ ਹੈ ਇਸ ਲਈ ਵਾਪਸ ਕਰਨ ਦੀ ਕੀਤੀ ਜਾਵੇ ਖੇਚਲ 

Sukhjinder Singh Randhawa

ਚੰਡੀਗੜ੍ਹ : ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਰਕਾਰੀ ਗੱਡੀ ਵਾਪਸ ਨਾ ਕਰਨ ਦੇ ਚਲਦੇ ਹੁਣ ਟਰਾਂਸਪੋਰਟ ਵਿਭਾਗ ਪੰਜਾਬ ਵਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਹੋਇਆ ਹੈ। ਵਿਭਾਗ ਨੇ ਇਹ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਕੈਬਨਿਟ ਰੈਂਕ ਵਾਲੀ ਗੱਡੀ ਵਾਪਸ ਕਰਨ ਦੀ ਖੇਚਲ ਕੀਤੀ ਜਾਵੇ।

ਦੱਸ ਦੇਈਏ ਕਿ ਇਸ ਸਬੰਧੀ ਵਿਭਾਗ ਵਲੋਂ ਬਕਾਇਦਾ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਲਿਖਿਆ ਹੈ ਕਿ ਇਹ ਗੱਡੀ ਸਿਰਫ਼ ਕੈਬਨਿਟ ਰੈਂਕ ਲਈ ਮਿਲਦੀ ਹੈ। ਇਸ ਲਈ ਇਹ ਗੱਡੀ ਵਾਪਸ ਕਰਨ ਦੀ ਖੇਚਲ ਕੀਤੀ ਜਾਵੇ। ਦੱਸ ਦੇਈਏ ਕਿ ਇਸ ਪੱਤਰ ਵਿਚ ਗੱਡੀ ਦਾ ਨੰਬਰ ਵੀ ਲਿਖਿਆ ਗਿਆ ਹੈ ਅਤੇ ਇਹ ਇਨੋਵਾ ਕ੍ਰਿਸਟਾ ਗੱਡੀ ਹੈ।

ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਲਿਖਿਆ ਹੈ- ਤੁਹਾਡੇ ਧਿਆਨ ਵਿਚ ਲਿਆਇਆ ਜਾਂਦਾ ਹੈ ਕਿ ਮੰਤਰੀ ਕਾਰ ਸ਼ਾਖਾ ਦੀ ਗੱਡੀ ਤੁਹਾਡੇ ਨਾਲ ਚੱਲ ਰਹੀ ਹੈ। ਮੋਟਰ ਗੱਡੀ ਬੋਰਡ ਦੀਆਂ ਹਦਾਇਤਾਂ ਮੁਤਾਬਿਕ ਇਹ ਗੱਡੀ ਸਿਰਫ਼ ਕੈਬਨਿਟ ਮੰਤਰੀਆਂ ਲਈ ਹੀ ਹੈ। ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਗੱਡੀ ਮੰਤਰੀ ਕਾਰ ਸ਼ਾਖਾ ਵਿਚ ਜਮ੍ਹਾ ਕਰਵਾਉਣ ਦੀ ਖੇਚਲ ਕਰੋ।