ਮੁੱਕੇਬਾਜ ਕੌਰ ਸਿੰਘ ਦੇ ਦਿਹਾਂਤ ’ਤੇ ਖੇਡ ਮੰਤਰੀ ਮੀਤ ਹੇਅਰ ਨੇ ਪ੍ਰਗਟਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਦੇ ਤੁਰ ਜਾਣ ਨਾਲ ਖੇਡਾਂ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ

photo

 

ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਪਿੰਡ ਛੋਟੀ ਖਨਾਲ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਮੁੱਕੇਬਾਜ਼ ਸੂਬੇਦਾਰ ਕੌਰ ਸਿੰਘ (74) ਦਾ ਦਿਹਾਂਤ ਹੋ ਗਿਆ। 

ਦੱਸ ਦੇਈਏ ਕਿ ਕੌਰ ਸਿੰਘ 1970 ’ਚ ਫ਼ੌਜ ਵਿੱਚ ਭਰਤੀ ਹੋਏ ਸਨ ਅਤੇ ਦੇਸ਼ ਦੀ ਸੇਵਾ ਕਰਦਿਆਂ ਉਨ੍ਹਾਂ ਅੰਦਰ ਮੁੱਕੇਬਾਜ਼ੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਉਨ੍ਹਾਂ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਕਰਨਲ ਬਲਜੀਤ ਸਿੰਘ ਜੌਹਲ ਨੇ ਭਰਪੂਰ ਯੋਗਦਾਨ ਪਾਉਂਦਿਆਂ ਪੂਨਾ ਇੰਸਟੀਚਿਊਟ ਵਿੱਚ ਟਰੇਨਿੰਗ ਕੈਂਪ ਲਾਉਣ ਲਈ ਪ੍ਰੇਰਿਤ ਕੀਤਾ। ਜਿੱਥੋਂ ਉਨ੍ਹਾਂ ਨੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਕੇ ਨਿਪੁੰਨਤਾ ਹਾਸਲ ਕੀਤੀ। ਆਪਣੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਨੈਸ਼ਨਲ ਖੇਡਦਿਆਂ ਪਹਿਲੀ ਵਾਰ ਸਿੰਕਦਾਰਾਬਾਦ ਵਿਖੇ ਗੋਲਡ ਮੈਡਲ ਜਿੱਤਿਆ ਤੇ ਫਿਰ ਉਹ ਇੰਡੀਆ ਕੱਪ ਲਈ ਚੁਣੇ ਗਏ। 

ਮੁੱਕੇਬਾਜ ਕੌਰ ਸਿੰਘ ਦੇ ਦਿਹਾਂਤ ਤੇ ਦੁਖ ਪ੍ਰਗਟਾਉਂਦਿਆ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲਿਖਿਆ ਕਿ ”ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਉਨ੍ਹਾਂ ਦੇ ਤੁਰ ਜਾਣ ਨਾਲ ਖੇਡਾਂ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਕੌਰ ਸਿੰਘ ਜੀ ਨੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਿਆ ਸੀ। 

 ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਵਿੱਦਿਅਕ ਸੈਸ਼ਨ ਤੋਂ ਪਦਮ ਸ੍ਰੀ ਤੇ ਅਰਜੁਨਾ ਐਵਾਰਡ ਨਾਲ ਸਨਮਾਨਤ ਇਸ ਮਾਣਮੱਤੇ ਮੁੱਕੇਬਾਜ਼ ਦੀ ਜੀਵਨੀ ਸਕੂਲੀ ਸਿਲੇਬਸ ਦਾ ਹਿੱਸਾ ਬਣਾਈ ਹੈ। ਇਸ ਮਹਾਨ ਮੁੱਕੇਬਾਜ਼ ਨੂੰ ਸਿਜਦਾ ਕਰਦਾ ਹਾਂ। ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।”