ਮੈਰਿਜ ਪੈਲੇਸ ਵਿਚ ਸ਼ੱਕੀ ਹਾਲਾਤ ’ਚ ਦਰੱਖ਼ਤ ਨਾਲ ਲਟਕਦੀ ਮਿਲੀ ਬਜ਼ੁਰਗ ਦੀ ਲਾਸ਼
ਮੁਬਾਰਕਪੁਰ ਪੁਲਿਸ ਅਨੁਸਾਰ ਲਾਸ਼ ਕਰੀਬ ਚਾਰ-ਪੰਜ ਦਿਨ ਪੁਰਾਣੀ ਜਾਪਦੀ ਹੈ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਮੁਬਾਰਕਪੁਰ ਰਾਮਗੜ੍ਹ ਰੋਡ ’ਤੇ ਸਥਿਤ ਮੈਰਿਜ ਪੈਲੇਸ ’ਚ ਇਕ ਬਜ਼ੁਰਗ ਵਲੋਂ ਸ਼ੱਕੀ ਹਾਲਾਤ ’ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਕਰੀਬ 5 ਦਿਨਾਂ ਤੋਂ ਮੈਰਿਜ ਪੈਲੇਸ ਦੇ ਅੰਦਰ ਦਰੱਖਤ ’ਤੇ ਫਾਹੇ ਨਾਲ ਲਟਕ ਰਹੀ ਸੀ। ਮ੍ਰਿਤਕ ਦੀ ਉਮਰ 70 ਸਾਲ ਦੇ ਕਰੀਬ ਜਾਪਦੀ ਹੈ, ਜਿਸ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਮੁਬਾਰਕਪੁਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਪੁਲ ਪਾਰ ਕਰਕੇ ਰਾਮਗੜ੍ਹ ਵਲ ਨੂੰ ਡੀ.ਐਸ. ਰਾਇਲ ਨਾਂ ਦਾ ਮੈਰਿਜ ਪੈਲੇਸ ਹੈ ਜੋ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੈਲੇਸ ਦੇ ਅੰਦਰ ਇਕ ਬਜ਼ੁਰਗ ਵਿਅਕਤੀ ਦੀ ਬਹੁਤ ਪੁਰਾਣੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਹੈ। ਮੁਬਾਰਕਪੁਰ ਪੁਲਿਸ ਅਨੁਸਾਰ ਲਾਸ਼ ਕਰੀਬ ਚਾਰ-ਪੰਜ ਦਿਨ ਪੁਰਾਣੀ ਜਾਪਦੀ ਹੈ ਅਤੇ ਉਸ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਮ੍ਰਿਤਕ ਕੇਸਧਾਰੀ ਹੈ ਜਿਸ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ।
ਉਸ ਨੇ ਕਪੜੇ ਦੇ ਟੁਕੜੇ ਨੂੰ ਫਾਹੇ ਦੀ ਤਰ੍ਹਾਂ ਵਰਤ ਕੇ ਦਰੱਖਤ ਨਾਲ ਫਾਹਾ ਲੈ ਲਿਆ। ਪਤਾ ਲੱਗਾ ਹੈ ਕਿ ਉਹ ਕੁਝ ਸਾਲ ਪਹਿਲਾਂ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਪਹਿਲਾਂ ਪਛਾਣ ਲਈ 72 ਘੰਟਿਆਂ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।