ਕਾਂਗਰਸ ਨੇ ਪੰਜਾਬ ਦੀਆਂ 5 ਸੀਟਾਂ ਲਈ ਉਮੀਦਵਾਰਾਂ ਬਾਰੇ ਚਰਚਾ ਕੀਤੀ, ਨਾ ਬਣ ਸਕੀ ਸਹਿਮਤੀ, ਜਾਣੋ ਕਦੋਂ ਹੋਵੇਗੀ ਅਗਲੀ ਬੈਠਕ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਿੱਲੀ ਪੁੱਜੇ

CEC Meeting.

ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਚੋਣ ਕਮੇਟੀ (CEC) ਨੇ ਅੱਜ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਬਾਰੇ ਬੈਠਕ ਕੀਤੀ। ਮੀਟਿੰਗ ’ਚ ਉਮੀਦਵਾਰਾਂ ਦੇ ਨਾਵਾਂ ’ਤੇ ਮੁੜ ਮੰਥਨ ਕੀਤਾ ਗਿਆ।  CEC ਦੀ ਬੈਠਕ ਦੌਰਾਨ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਕੇ.ਸੀ. ਵੇਣੂਗੋਪਾਲ ਸਮੇਤ ਸੀਨੀਅਰ ਆਗੂ ਹਾਜ਼ਰ ਸਨ। ਬੈਠਕ ’ਚ ਸ਼ਾਮਲ ਹੋਣ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਦਿੱਲੀ ਸਥਿਤ ਹੈੱਡਕੁਆਰਟਰ ਪੁੱਜੇ ਸਨ। ਹਾਲਾਂਕਿ ਪੰਜਾਬ ’ਚ 5 ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦੀ ਸੂਚੀ ਅਜੇ ਤਕ ਵੀ ਜਾਰੀ ਨਹੀਂ ਕੀਤੀ ਗਈ ਹੈ।ਬੈਠਕ ਇਕ ਘੰਟੇ ਤਕ ਚੱਲੀ ਪਰ ਅੱਜ ਵੀ ਨਾਵਾਂ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸੀਟਾਂ ’ਤੇ ਕਈ ਉਮੀਦਵਾਰਾਂ ਦੀ ਦਾਅਵੇਦਾਰੀ ਨੇ ਕਾਂਗਰਸ ਹਾਈਕਮਾਨ ਦੀ ਪ੍ਰੇਸ਼ਾਨੀ ਵਧਾ ਦਿਤੀ ਹੈ। ਅਗਲੀ ਬੈਠਕ 29 ਅਪ੍ਰੈਲ, ਯਾਨੀਕਿ ਸੋਮਵਾਰ ਨੂੰ ਹੋਵੇਗੀ।