ਲਾਪਤਾ ਬਜ਼ੁਰਗ ਪਿਤਾ ਨੂੰ ਲੈਣ ਨਿਊਜ਼ੀਲੈਂਡ ਤੋਂ ਨੰਗਲ ਦੇ ਆਸ਼ਰਮ ਪਹੁੰਚਿਆ ਪੁੱਤ, ਸੋਸ਼ਲ ਮੀਡੀਆ ’ਤੇ ਵੀਡੀਉ ਦੇਖ ਕੇ ਪਿਉ ਬਾਰੇ ਮਿਲੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਉ-ਪੁੱਤ ਇੱਕ ਦੂਜੇ ਨੂੰ ਵੇਖ ਹੋਏ ਭਾਵੁਕ ਤੇ ਵਹਾਏ ਖ਼ੁਸ਼ੀ ਦੇ ਅੱਥਰੂ

Son arrives at Nangal ashram from New Zealand to retrieve missing elderly father News

ਨੰਗਲ (ਰਵੀ ਰਾਣਾ) : ਆਸ਼ਰਮ ’ਚ ਬੈਠੇ ਲੋਕਾਂ ਦੀਆਂ ਅੱਖਾਂ ਉਸ ਸਮੇਂ ਨਮ ਹੋ ਗਈਆਂ, ਜਦੋਂ ਅਪਣੇ ਪਿਤਾ ਦੀ ਭਾਲ ’ਚ ਇਕ ਨੌਜਵਾਨ ਸੱਤ ਸਮੁੰਦਰੋਂ ਪਾਰ ਮਿੰਨੀ ਚੰਡੀਗੜ੍ਹ ਨਾਮ ਨਾਲ ਜਾਣੇ ਜਾਣ ਵਾਲੇ ਖ਼ੂਬਸੂਰਤ ਸ਼ਹਿਰ ਨੰਗਲ ਵਿਚ ਆ ਗਿਆ। ਪਿਤਾ ਨੂੰ ਮਿਲ ਜਿੱਥੇ ਦੋਵਾਂ ਨੇ ਘੁੱਟ ਘੁੱਟ ਜੱਫੀਆਂ ਪਾਈਆਂ ਉੁਥੇ ਹੀ ਭੁੱਬਾਂ ਮਾਰ ਮਾਰ ਖ਼ੁਸ਼ੀ ਦੇ ਹੰਝੂ ਵੀ ਵਰਾਏ। ਗੱਲ ਕੀਤੀ ਜਾ ਰਹੀ ਹੈ ਤਹਿਸੀਲ ਨੰਗਲ ਅਧੀਂਨ ਪੈਂਦੇ ਪਿੰਡ ਮਾਣਕਪੁਰ ਵਿਚ ਸਮਾਜ ਸੇਵੀ ਅਸ਼ੋਕ ਸੱਚਦੇਵਾ ਪਰਵਾਰ ਵਲੋਂ ਖੋਲ੍ਹੇ ਗਏ ‘ਜਿੰਦਾ ਜੀਵ ਬੇਸਹਾਰਾ ਆਸ਼ਰਮ’ ਦੀ। ਜਿੱਥੇ ਅੱਜ 120 ਦੇ ਕਰੀਬ ਬੇਸਹਾਰਾ ਲੋਕਾਂ ਦੀ ਸੇਵਾ ਮੀਆਂ ਬੀਬੀ ਵਲੋਂ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਆਸ਼ਰਮ ਦੇ ਮੁਖੀ ਸਮਾਜ ਸੇਵੀ ਸੱਚਦੇਵਾ ਨੇ ਕਿਹਾ ਕਿ ਵੈਸਾਖੀ ਵਾਲੇ ਦਿਨ ਨੰਗਲ ਰੇਲਵੇ ਸਟੇਸ਼ਨ ’ਤੇ ਮੇਵਾ ਸਿੰਘ (65) ਨਾਮ ਦਾ ਬਜ਼ੁਰਗ ਮਿਲਿਆ ਸੀ। ਜਿਸ ਨੂੰ ਉਹ ਅਪਣੇ ਆਸ਼ਰਮ ਵਿਚ ਲੈ ਆਏ ਸੀ। ਜਦੋਂ ਅਸੀਂ ਆਸ਼ਰਮ ਵਲੋਂ ਸ਼ੋਸ਼ਲ ਮੀਡੀਆ ’ਤੇ ਉਕਤ ਬਜ਼ੁਰਗ ਦੀ ਵੀਡੀਉ ਪਾਈ ਤਾਂ ਮੇਵਾ ਸਿੰਘ ਦਾ ਪੁੱਤਰ ਗੁਰਪ੍ਰੀਤ ਸਿੰਘ ਜੋ ਨਿਊਜ਼ੀਲੈਂਡ ’ਚ ਬੈਠਾ ਸੀ, ਉਸਨੇ ਇਹ ਵੀਡੀਉ ਦੇਖ ਕੇ ਸਾਡੇ ਨਾਲ ਸਪੰਰਕ ਕੀਤਾ ਤੇ ਅੱਜ ਉਹ ਅਪਣੇ ਬਜ਼ੁਰਗ ਪਿਤਾ ਨੂੰ ਲੈਣ ਨਿਊਜ਼ੀਲੈਂਡ ਤੋਂ ਨਵਾਂਸ਼ਹਿਰ ਤੇ ਉੁਥੋਂ ਨੰਗਲ ਸਾਡੇ ਆਸ਼ਰਮ ਵਿਚ ਪਹੁੰਚਿਆਂ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ 2 ਭੈਣਾ ਅਤੇ 2 ਭਰਾ ਹਨ, ਭੈਣਾਂ ਦਾ ਵਿਆਹ ਹੋ ਚੁੱਕਾ ਹੈ। ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਨੰਗਲ ਆਸ਼ਰਮ ’ਚ ਹਨ ਤਾਂ ਮੈਂ ਇਨ੍ਹਾਂ ਨਾਲ ਸਪੰਰਕ ਕਰ ਕੇ ਅਪਣੇ ਪਿਤਾ ਨੂੰ ਲੈਣ ਪਹੁੰਚਿਆਂ।

ਆਸ਼ਰਮ ’ਚ ਉਕਤ ਸਰਵਣ ਪੁੱਤ ਦੀ ਕਾਫੀ ਸ਼ਲਾਘਾ ਹੋਣ ਲੱਗ ਪਈ। ਆਸ਼ਰਮ ਵਿੱਚ ਬੈਠੇ ਲੋਕ ਇਹ ਬੋਲਦੇ ਸੁਣੇ ਗਏ ਕਿ ਉਹ ਵੀ ਬੇਰਹਿਮ ਲੋਕ ਹਨ, ਜੋ ਆਪਣੇ ਬਜੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਹੜਪ ਕੇ ਉਨ੍ਹਾਂ ਨੂੰ ਸੜਕਾਂ ਤੇ ਰੁਲਨ ਲਈ ਛੱਡ ਦਿੰਦੇ ਹਨ ਤੇ ਇੱਕ ਅਜਿਹਾ ਪੁੱਤ ਜੋ ਵਿਦੇਸ਼ ਤੋਂ ਆਪਣੇ ਬਜੁਰਗ ਪਿਤਾ ਨੂੰ ਲੈਣ ਲੱਖਾਂ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਨੰਗਲ ਆ ਪਹੁੰਚਿਆਂ। ਸੱਚਦੇਵਾ ਨੇ ਕਿਹਾ ਕਿ ਇਕ ਅਜਿਹੀ ਬਜ਼ੁਰਗ ਔਰਤ ਹੈ, ਜੋ ਤਿੰਨ ਸਾਲ ਇਕ ਕਮਰੇ ਵਿਚ ਹੀ ਰਹੀ।

ਰਾਮ ਨਗਰ ਦੀ ਰਹਿਣ ਵਾਲੀ ਮਹਿਲਾ ਦਲਬਾਗ ਨੇ ਕਿਹਾ ਕਿ ਮੈਨੂੰ 250 ਰੁਪਏ ਪੈਨਸ਼ਨ ਲੱਗੀ ਹੋਈ ਹੈ। ਮੇਰਾ ਧੋਤਾ ਪੈਨਸ਼ਨ ਲੈਣ ਦੇ ਬਹਾਨੇ ਲੈ ਕੇ ਆਇਆ ਸੀ ਤੇ ਉਹ ਮੈਨੂੰ ਇੱਥੇ ਹੀ ਛੱਡ ਗਿਆ। ਹੁਣ ਇੱਥੇ ਬੈਠ ਕੇ ਅਪਣੇ ਗੁਰੂਆਂ ਦਾ ਧਿਆਨ ਕਰੀ ਜਾਇਦਾ। ਅਸ਼ੋਕ ਸੱਚਦੇਵਾ ਨੇ ਕਿਹਾ ਕਿ ਸਰਕਾਰਾਂ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ। ਦਾਨੀ ਸੱਜਣ ਕੁਝ ਖਾਣ ਪੀਣ ਦਾ ਸਮਾਨ ਇਨ੍ਹਾਂ ਬੇਸਹਾਰਾ ਪ੍ਰਾਣੀਆਂ ਨੂੰ ਦੇ ਜਾਂਦੇ ਹਨ। ਨਵਾਂ ਸ਼ਹਿਰ ਤੋਂ ਗੁਰਪ੍ਰੀਤ ਸਿੰਘ ਨਾਲ ਨੰਗਲ ਪਹੁੰਚੇ ਪਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗੁਰਪ੍ਰੀਤ ਸਿੰਘ ਵਰਗੇ ਸਰਵਣ ਪੁੱਤ ਘਰ ਘਰ ਜੰਮਣ।