ਮੱਧ ਪ੍ਰਦੇਸ਼ ’ਚ ਵੈਨ ਨੇ ਬਾਈਕ ਨੂੰ ਮਾਰੀ ਟੱਕਰ, 11 ਲੋਕਾਂ ਦੀ ਮੌਤ
2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿਤੇ ਜਾਣਗੇ।
ਮੰਦਸੌਰ : ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਤੇਜ਼ ਰਫਤਾਰ ਵੈਨ ਇਕ ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਪਾਣੀ ਨਾਲ ਭਰੇ ਖੂਹ ’ਚ ਡਿੱਗ ਗਈ, ਜਿਸ ’ਚ ਇਕ ਬਾਈਕ ਸਵਾਰ ਅਤੇ ਬਚਾਅ ਕਰਮੀ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਨਰਾਇਣਗੜ੍ਹ ਥਾਣਾ ਖੇਤਰ ਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਜ਼ਾਹਰ ਕੀਤਾ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਪੀ.ਐਮ.ਐਨ.ਆਰ.ਐਫ. ’ਚੋਂ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਵੀ ਦੁੱਖ ਪ੍ਰਗਟਾਉਂਦਿਆਂ ਇਕ ਪੋਸਟ ’ਚ ਕਿਹਾ, ‘‘ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਹੋਏ ਹਾਦਸੇ ’ਚ ਲੋਕਾਂ ਦੀ ਮੌਤ ਤੋਂ ਦੁਖੀ ਹਾਂ। ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿਨ੍ਹਾਂ ਨੇ ਅਪਣੇ ਪਿਆਰਿਆਂ ਨੂੰ ਗੁਆ ਦਿਤਾ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’’
ਰਤਲਾਮ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਮਨੋਜ ਸਿੰਘ ਨੇ ਦਸਿਆ ਕਿ ਵੈਨ ’ਚ 13 ਲੋਕ ਸਵਾਰ ਸਨ। ਉਨ੍ਹਾਂ ਵਿਚੋਂ ਚਾਰ ਨੂੰ ਬਚਾ ਲਿਆ ਗਿਆ ਜਦਕਿ ਨੌਂ ਹੋਰਾਂ ਦੀ ਮੌਤ ਹੋ ਗਈ। ਬਚਾਅ ਲਈ ਖੂਹ ’ਚ ਉਤਰੇ ਮਨੋਹਰ ਨਾਂ ਦੇ ਇਕ ਪਿੰਡ ਵਾਸੀ ਦੀ ਵੀ ਮੌਤ ਹੋ ਗਈ।
ਪਹਿਲੀ ਨਜ਼ਰ ’ਚ ਵੈਨ ਚਾਲਕ ਨੇ ਪਹੀਏ ’ਤੇ ਕੰਟਰੋਲ ਗੁਆ ਦਿਤਾ ਕਿਉਂਕਿ ਵਾਹਨ ਇਕ ਬਾਈਕ ਨਾਲ ਟਕਰਾ ਗਿਆ ਅਤੇ ਖੂਹ ’ਚ ਡਿੱਗ ਗਿਆ। ਉਨ੍ਹਾਂ ਦਸਿਆ ਕਿ ਮੋਟਰਸਾਈਕਲ ਸਵਾਰ ਦੀ ਵੀ ਮੌਤ ਹੋ ਗਈ।
ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਹੋਰ ਇਕਾਈਆਂ ਦੇ ਕਰਮਚਾਰੀਆਂ ਦੀ ਸ਼ਮੂਲੀਅਤ ਨਾਲ ਬਚਾਅ ਮੁਹਿੰਮ ਜਾਰੀ ਹੈ। ਮੌਕੇ ’ਤੇ ਪਹੁੰਚੇ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਨੇ ਦਸਿਆ ਕਿ ਡਰਾਈਵਰ ਨੇ ਵਾਹਨ ’ਤੇ ਕੰਟਰੋਲ ਗੁਆ ਦਿਤਾ, ਜਿਸ ਕਾਰਨ ਕਾਰ ਸੜਕ ਤੋਂ ਉਤਰ ਕੇ ਖੂਹ ’ਚ ਜਾ ਡਿੱਗੀ।