ਅਗ਼ਵਾ ਹੋਇਆ ਬੱਚਾ ਪੁਲਿਸ ਨੇ ਇਕ ਦਿਨ 'ਚ ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਕਸਬਾ ਕੋਟ ਈਸੇ ਖਾਂ 'ਚੋਂ 10 ਮਹੀਨੇ ਦੇ ਬੱਚੇ ਨੂੰ ਅਗ਼ਵਾ ਕਰਨ ਵਾਲੇ 7 ਅਗ਼ਵਾਕਾਰਾਂ 'ਚੋਂ ਚਾਰ ਜਣਿਆਂ ਨੂੰ ਕਾਬੂ ਕਰਨ ਵਿਚ ਮੋਗਾ ਪੁਲਿਸ ਨੇ ਸਫ਼ਲਤਾ ...

Police giving information to Media

ਬੀਤੇ ਦਿਨ ਕਸਬਾ ਕੋਟ ਈਸੇ ਖਾਂ 'ਚੋਂ 10 ਮਹੀਨੇ ਦੇ ਬੱਚੇ ਨੂੰ ਅਗ਼ਵਾ ਕਰਨ ਵਾਲੇ 7 ਅਗ਼ਵਾਕਾਰਾਂ 'ਚੋਂ ਚਾਰ ਜਣਿਆਂ ਨੂੰ ਕਾਬੂ ਕਰਨ ਵਿਚ ਮੋਗਾ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ। ਅੱਜ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਜੀਰ ਸਿੰਘ ਐਸ.ਪੀ. (ਆਈ.) ਅਤੇ ਸਰਬਜੀਤ ਸਿੰਘ ਡੀ.ਐਸ.ਪੀ. (ਆਈ.) ਨੇ ਦਸਿਆ

ਕਿ ਪੁਲਿਸ ਵਲੋਂ ਵਰਤੀ ਗਈ ਚੌਕਸੀ ਕਾਰਨ ਅਗ਼ਵਾ ਹੋਏ ਬੱਚੇ ਮੱਖਣ ਲਾਲ ਨੂੰ ਘਟਨਾ ਤੋਂ ਕੁੱਝ ਹੀ ਘੰਟਿਆਂ ਬਾਅਦ ਅਗਵਾਕਾਰ ਸੋਹਣ ਸਿੰਘ (ਘੋਗੀ) ਵਾਸੀ ਪੰਜਗਰਾਈ ਕਲਾਂ ਹਾਲ ਅਬਾਦ ਕੋਟ ਈਸੇ ਖਾਂ, ਪਰਮਜੀਤ ਕੌਰ (ਪੰਮੀ), ਸਤਪਾਲ ਸਿੰਘ ਵਾਸੀ ਕੜਿਆਲ ਅਤੇ ਅਮਰਜੀਤ ਕੌਰ ਸੀਬੋ ਦੇ ਕਬਜ਼ੇ ਵਿਚੋਂ ਪਿੰਡ ਕੜਿਆਲ ਤੋਂ ਬਰਾਮਦ ਕੀਤਾ ਗਿਆ ਅਤੇ ਇਸ ਵਾਰਦਾਤ ਵਿਚ ਵਰਤਿਆ ਗਿਆ ਪਲਟੀਨਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ।

ਐਸ.ਪੀ. (ਆਈ) ਵਜੀਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਕਤ ਸੋਹਣ ਸਿੰਘ ਦੀ ਸ਼ਾਦੀ ਕਰੀਬ 22 ਸਾਲ ਪਹਿਲਾਂ ਹੋਈ ਸੀ ਉਸ ਦੇ ਇਕ ਬੱਚਾ ਪੈਦਾ ਹੋਇਆ ਸੀ ਜੋ ਮਰ ਗਿਆ ਬਾਅਦ ਵਿਚ ਉਸ ਦੇ ਘਰ ਕੋਈ ਬੱਚਾ ਪੈਦਾ ਨਾ ਹੋਇਆ। ਜਿਸ ਕਾਰਨ ਉਹ ਹੋਰ ਸ਼ਾਦੀ ਕਰਾਉਣੀ ਚਾਹੁੰਦਾ ਸੀ ਤੇ ਉਕਤ ਮੁਦਈ ਪਰਵਾਰ ਹਰ ਸਾਲ ਝੋਨੇ ਦੇ ਸੀਜਨ ਸਮੇਂ ਕੋਟ ਈਸੇ ਖਾਂ ਆਉਂਦਾ ਸੀ ਅਤੇ ਕਰੀਬ ਮਾਰਚ ਮਹੀਨੇ ਵਾਪਸ ਚਲਾ ਜਾਂਦਾ ਸੀ ਤੇ ਉਕਤ ਸੋਹਣ ਸਿੰਘ ਵੀ ਗੁਰੂ ਕ੍ਰਿਪਾ ਰਾਈਸ ਮਿੱਲ ਦੇ ਨਜ਼ਦੀਕ ਰਹਿੰਦਾ ਸੀ।

ਜਿਸ ਕਾਰਨ ਸੋਹਣ ਸਿੰਘ ਅਤੇ ਭਗਵਾਨ ਦਾਸ ਦਾ ਆਪਸ ਵਿਚ ਆਉਣ ਜਾਣ ਹੋ ਗਿਆ। ਸੋਹਣ ਸਿੰਘ, ਭਗਵਾਨ ਦਾਸ ਦੀ ਲੜਕੀ ਜਿਸ ਦੀ ਉਮਰ ਕਰੀਬ 14-15 ਸਾਲ ਹੈ, ਦਾ ਰਿਸ਼ਤਾ ਮੰਗਦਾ ਸੀ। ਭਗਵਾਨ ਦਾਸ ਵਲੋਂ ਨਾ ਕਰਨ 'ਤੇ ਸੋਹਣ ਸਿੰਘ ਦੇ ਕੋਈ ਔਲਾਦ ਨਾ ਹੋਣ ਕਾਰਨ ਸੋਹਣ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ, ਆਪਣੀ ਭੈਣ ਅਮਰਜੀਤ ਕੌਰ ਉਰਫ ਸੀਬੋ ਪਤਨੀ ਸੱਤਪਾਲ ਸਿੰਘ, ਭਣਵੱਈਏ ਸੱਤਪਾਲ ਸਿੰਘ ਅਤੇ ਸਰਵਨ ਸਿੰਘ, ਕਾਕਾ ਸਿੰਘ, ਰਾਜੂ ਸਿੰਘ ਵਾਸੀਆਨ ਕੜਿਆਲ ਨਾਲ ਸਲਾਹ ਕਰ ਕੇ ਭਗਵਾਨ ਦਾਸ ਦਾ ਬੱਚਾ ਚੁੱਕਣ ਦੀ ਯੋਜਨਾ ਬਣਾਈ।

ਕਿਉਂਕਿ ਉਕਤ ਮਦਈ ਪਰਵਾਰ ਨੇ ਜਲਦੀ ਵਾਪਸ ਯੂ.ਪੀ. ਚਲੇ ਜਾਣਾ ਸੀ ਤੇ ਘਟਨਾ ਤੋਂ ਇੱਕ ਦਿਨ ਪਹਿਲਾਂ ਉਕਤ ਅਗ਼ਵਾਕਾਰਾਂ ਸੀਬੋ, ਸੱਤਪਾਲ ਵਲੋਂ ਰੇਕੀ ਕੀਤੀ ਗਈ ਤੇ ਉਨ੍ਹਾਂ ਨੇ ਸ਼ੁਕਰਵਾਰ ਨੂੰ ਬੱਚਾ ਚੁੱਕਣ ਦੀ ਘਟਨਾ ਨੂੰ ਅੰਜਾਮ ਦਿਤਾ।ਇਸ ਵਾਰਦਾਤ ਵਿਚ ਸ਼ਾਮਲ ਬਾਕੀ ਦੋਸ਼ੀ ਵਾਸੀਆਨ ਕੜਿਆਲ ਨੂੰ ਇਸ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰ ਕੇ ਸਬੰਧਤ ਧਾਰਾਵਾਂ 'ਚ ਵਾਧਾ ਕੀਤਾ ਗਿਆ, ਉਕਤ ਸਰਵਨ ਸਿੰਘ, ਕਾਕਾ ਸਿੰਘ ਤੇ ਰਾਜੂ ਸਿੰਘ ਦੀ ਪੁਲਿਸ ਪਾਰਟੀ ਵਲੋਂ ਭਾਲ ਜਾਰੀ ਹੈ।