ਮਾਨਸਾ ਤੋਂ ਮਾਨਸ਼ਾਹੀਆ ਦੀ ਥਾਂ ਰਣਇੰਦਰ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਦੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨਸਾ ਇਲਾਕੇ 'ਚ ਰਣਇੰਦਰ ਸਿੰਘ ਦਾ ਚੰਗਾ ਅਸਰ ਰਸੂਖ ਹੈ

Pic-1

ਬਠਿੰਡਾ : ਆਉਣ ਵਾਲੀਆਂ ਜ਼ਿਮਨੀਆਂ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਇਕ ਵਾਰ ਫਿਰ ਅਪਣੀ ਸਿਆਸੀ ਕਿਸਮਤ ਅਜਮਾ ਸਕਦੇ ਹਨ। ਉਨ੍ਹਾਂ ਦੇ ਮਾਨਸਾ ਤੋਂ ਚੋਣ ਮੈਦਾਨ ਵਿਚ ਆਉਣ ਦੀ ਚਰਚਾ ਚੱਲ ਰਹੀ ਹੈ। ਚਰਚਾ ਮੁਤਾਬਕ ਕੁੱਝ ਦਿਨ ਪਹਿਲਾਂ ਮਾਨਸਾ ਤੋਂ ਆਪ ਛੱਡ ਕੇ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਨਾਜ਼ਰ ਸਿੰਘ ਮਾਨਸਾਹੀਆ ਦੀ ਥਾਂ ਇਸ ਹਲਕੇ ਤੋਂ ਰਣਇੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਵਿਧਾਇਕ ਮਾਨਸ਼ਾਹੀਆ ਨੇ ਆਪ ਛੱਡਣ ਦੇ ਨਾਲ-ਨਾਲ ਅਪਣੀ ਵਿਧਾਇਕੀ ਤੋਂ ਅਸਤੀਫ਼ਾ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿਤਾ ਹੈ।

ਜ਼ਿਕਰ ਕਰਨਾ ਬਣਦਾ ਹੈ ਕਿ ਰਣਇੰਦਰ ਸਿੰਘ ਬਠਿੰਡਾ ਹਲਕੇ ਲਈ ਨਵੇਂ ਨਹੀਂ ਹਨ, ਉਹ 2009 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ। ਬੇਸ਼ੱਕ ਉਹ ਚੋਣਾਂ ਵਿਚ ਹਰਸਿਮਰਤ ਕੌਰ ਕੋਲੋਂ ਹਾਰ ਗਏ ਸਨ ਪ੍ਰੰਤੂ ਉਸ ਸਮੇਂ ਵੀ ਉਨ੍ਹਾਂ ਨੂੰ ਮਾਨਸਾ ਹਲਕੇ ਵਿਚੋਂ ਚੰਗੀ ਵੋਟ ਮਿਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੂਜੀ ਵਾਰ ਸਾਲ 2012 ਵਿਚ ਸਮਾਣਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਪ੍ਰਭਾਵਸ਼ਾਲੀ ਆਗੂ ਸੁਰਜੀਤ ਸਿੰਘ ਰੱਖੜਾ ਵਿਰੁਧ ਚੋਣ ਲੜੀ ਸੀ ਪ੍ਰੰਤੂ ਉਹ ਉਥੇ ਵੀ ਸਫ਼ਲ ਨਹੀਂ ਹੋ ਸਕੇ।

ਮੌਜੂਦਾ ਸਿਆਸੀ ਹਾਲਾਤ 'ਚ ਜਿੱਥੇ ਖ਼ੁਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ, ਉਥੇ ਮਾਨਸਾ ਇਲਾਕੇ 'ਚ ਰਣਇੰਦਰ ਸਿੰਘ ਦਾ ਚੰਗਾ ਅਸਰ ਰਸੂਖ ਹੈ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਮਾਨਸ਼ਾਹੀਆ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਉਨ੍ਹਾਂ ਨੂੰ ਸਰਕਾਰ 'ਚ ਪੰਜਾਬ ਪੱਧਰ ਦੀ ਚੇਅਰਮੈਨੀ ਦਿਤੀ ਜਾ ਸਕਦੀ ਹੈ। ਦਸਣਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਪ ਦੀ ਮਾਲਵਾ ਖੇਤਰ 'ਚ ਚੱਲੀ ਹਨੇਰੀ ਦੌਰਾਨ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਾਂਗਰਸ ਦੀ ਸ਼੍ਰੀਮਤੀ ਮੰਜੂ ਬਾਂਸਲ ਨੂੰ ਹਰਾਇਆ ਸੀ। ਪਿਛਲੇ ਸਮੇਂ ਦੌਰਾਨ ਪਾਰਟੀ ਦੇ ਪੁਨਰਗਠਨ ਸਮੇਂ ਸ਼੍ਰੀਮਤੀ ਬਾਂਸਲ ਨੂੰ ਬਤੌਰ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕਰ ਦਿਤਾ ਹੈ। ਅਜਿਹੀ ਹਾਲਾਤ 'ਚ ਪ੍ਰਧਾਨਗੀ ਦੇ ਨਾਲ-ਨਾਲ ਮੁੜ ਟਿਕਟ 'ਤੇ ਦਾਅਵੇਦਾਰੀ ਕਰਨੀ ਵੀ ਸੌਖੀ ਨਹੀਂ ਜਾਪਦੀ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਪੁੱਤਰ ਦੇ ਚੋਣ ਮੈਦਾਨ ਵਿਚ ਆਉਣ ਕਾਰਨ ਕਾਂਗਰਸ ਦੇ ਕਿਸੇ ਹੋਰ ਆਗੂ ਵਲੋਂ  ਵੀ ਖੁਲ੍ਹੇਆਮ ਜਾਂ ਅੰਦਰਖਾਤੇ ਵਿਰੋਧ ਕਰਨਾ ਮੁਸ਼ਕਲ ਹੋਵੇਗਾ। ਦੂਜੇ ਪਾਸੇ ਜੇਕਰ ਪਾਰਟੀ ਮੁੜ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਮੁੜ ਮੈਦਾਨ ਵਿਚ ਉਤਾਰਦੀ ਹੈ ਤਾਂ ਉਨ੍ਹਾਂ ਦਾ ਵਿਰੋਧ ਹੋਣਾ ਯਕੀਨੀ ਹੈ। ਇਥੇ ਇਹ ਵੀ ਦਸਣਾ ਮਹੱਤਵਪੂਰਨ ਹੈ ਕਿ ਆਪ ਛੱਡਣ ਤੋਂ ਬਾਅਦ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਵਿਰੋਧ ਹੋਇਆ, ਉਥੇ ਲੋਕ ਸਭਾ ਚੋਣਾਂ 'ਚ ਆਪ ਦੀ ਉਮੀਦਵਾਰ ਬਠਿੰਡਾ ਲੋਕ ਸਭਾ ਹਲਕੇ 'ਚ ਸੱਭ ਤੋਂ ਵੱਧ ਵੋਟ ਮਾਨਸਾ ਹਲਕੇ ਤੋਂ ਹੀ ਲੈ ਕੇ ਗਈ ਹੈ। ਬੇਸ਼ੱਕ ਬਲਜਿੰਦਰ ਕੌਰ ਨੂੰ ਅਪਣੇ ਹਲਕੇ ਤਲਵੰਡੀ ਸਾਬੋ ਤੋਂ ਸਿਰਫ਼ 9253 ਵੋਟਾਂ ਪਈਆਂ ਹਨ ਪ੍ਰੰਤੂ ਉਹ ਮਾਨਸਾ ਤੋਂ 27,368 ਵੋਟਾਂ ਲੈਣ ਵਿਚ ਸਫ਼ਲ ਰਹੀ ਹੈ। ਆਪ ਦੇ ਆਗੂਆਂ ਮੁਤਾਬਕ ਇਥੇ ਇੰਨੀ ਵੋਟ ਆਪ ਦੇ ਵਲੰਟੀਅਰਾਂ ਵਲੋਂ ਵਿਧਾਇਕ ਵਲੋਂ ਪਾਰਟੀ ਛੱਡਣ ਦੇ ਵਿਰੋਧ ਵਿਚ ਹੀ ਜ਼ੋਰ ਲਗਾ ਕੇ ਅਪਣੇ ਉਮੀਦਵਾਰ ਨੂੰ ਪਵਾਈ ਗਈ ਹੈ। 

ਰਣਇੰਦਰ ਦੇ ਮੈਦਾਨ 'ਚ ਆਉਣ 'ਤੇ ਕਰਾਂਗਾ ਸਵਾਗਤ : ਮਾਨਸ਼ਾਹੀਆ
ਉਧਰ ਸੰਪਰਕ ਕਰਨ 'ਤੇ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਹਲਕੇ ਦੇ ਵਿਕਾਸ ਲਈ ਕਾਂਗਰਸ ਪਾਰਟੀ ਵਿਚ ਸਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਣਇੰਦਰ ਸਿੰਘ ਇਸ ਹਲਕੇ ਤੋਂ ਨੁਮਾਇੰਦਗੀ ਕਰਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ, ਕਿਉਂਕਿ ਰਣਇੰਦਰ ਸਿੰਘ ਦੇ ਇੱਥੇ ਆਉਣ ਨਾਲ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ। 

ਪਾਰਟੀ ਫੈਸਲਾ ਲਵੇ, ਅਸੀ ਅੱਗੇ ਹੋ ਕੇ ਤੁਰਾਂਗੇ : ਮੋਫ਼ਰ
ਜ਼ਿਲ੍ਹੇ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਨੇ ਵੀ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਇੱਥੋਂ ਸੰਭਾਵੀ ਜ਼ਿਮਨੀ ਚੋਣ ਵਿਚ ਰਣਇੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਲੈਂਦੀ ਹੈ, ਤਾਂ ਇਲਾਕੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੋਵੇਗੀ। ਉਨ੍ਹਾਂ ਭਰੋਸਾ ਜਾਹਰ ਕੀਤਾ ਕਿ ਹਰੇਕ ਕਾਂਗਰਸ ਇਸ ਫ਼ੈਸਲੇ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕਰੇਗਾ ਅਤੇ ਉਹ ਵੀ ਖੁਲ੍ਹੇ ਦਿਲ ਨਾਲ ਅੱਗੇ ਹੋ ਕੇ ਤੁਰਨਗੇ।