ਬੁੱਢਾ ਦਲ ਨਿਹੰਗ ਮੁਖੀ ਵਲੋਂ ਛਾਉਣੀਆਂ ਨੂੰ ਗਰਮ ਰੁੱਤ ਸਬੰਧੀ ਵਿਸ਼ੇਸ਼ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁੱਢਾ ਦਲ ਨਿਹੰਗ ਮੁਖੀ ਵਲੋਂ ਛਾਉਣੀਆਂ ਨੂੰ ਗਰਮ ਰੁੱਤ ਸਬੰਧੀ ਵਿਸ਼ੇਸ਼ ਆਦੇਸ਼

1

ਅੰਮ੍ਰਿਤਸਰ, 27 ਮਈ (ਸਪੋਕਸਮੈਨ ਸਮਾਚਾਰ ਸੇਵਾ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗਰਮ ਰੁੱਤ ਸਬੰਧੀ ਅਪਣਾ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਗਰਮੀ ਦੀ ਰੁੱਤ ਹੋਣ ਕਾਰਨ ਮੌਸਮ ਅਪਣੇ ਮਿਜਾਜ ਵਿਗਾੜ ਰਿਹਾ ਹੈ। ਤਾਪਮਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਤੇਜ਼ ਲੂ, ਗਰਮ ਗਵਾਵਾਂ, ਮੀਂਹ, ਹਨੇਰੀਆਂ ਅਤੇ ਝੱਖੜਾਂ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਅਣਕਿਆਸਿਆ ਨੁਕਸਾਨ ਹੋ ਜਾਂਦਾ ਹੈ, ਤੋਂ ਬਚਣ ਲਈ ਸਬੰਧਤ ਮਹਿਕਮਾ ਅਤੇ ਲੋਕ ਜਾਗਰੂਕ ਹੋਣ।


ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਇਕ ਵਿਸ਼ੇਸ਼ ਆਦੇਸ਼ ਜਾਰੀ ਕਰ ਕੇ ਸਮੂਹ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਦੇ ਸਮੂਹ ਸੇਵਾਦਾਰਾਂ ਨੂੰ ਜਿਥੇ ਗੁਰਦਵਾਰਾ ਸਾਹਿਬਾਨ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਅਸਥਾਨ ਅਤੇ ਸੁਖਆਸਨ ਅਸਥਾਨ ਹੈ, ਵਲ ਸੱਭ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ 'ਤੇ ਚੌਕਸੀ ਨਾਲ ਧਿਆਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਸਰ ਵਧੇ ਤਾਪਮਾਨ ਕਾਰਨ ਬਿਜਲੀ ਦੀਆਂ ਤਾਰਾਂ ਪਿਘਲ ਜਾਂਦੀਆਂ ਹਨ ਤੇ ਸ਼ਾਟ ਹੋ ਕੇ ਸਮੁੱਚੇ ਗੁਰੂ ਘਰ ਦਾ ਨੁਕਸਾਨ ਕਰ ਦਿੰਦੀਆਂ ਹਨ ਜਿਥੇ ਸਾਰੇ ਜ਼ਿੰਮੇਵਾਰ ਵਿਅਕਤੀ ਸਰਕਟ ਸ਼ਾਟ ਦਾ ਬਹਾਨਾ ਬਣਾ ਕੇ ਅਪਣੇ ਆਪ ਨੂੰ ਬਰੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਵਾਇਰਿੰਗ ਤੇ ਸਵਿੱਚਾਂ ਦਾ ਮੁਆਇਨਾ ਕਰਦੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਜਦੋਂ ਗੁਰੂ ਦਰਬਾਰ ਵਿਚ ਬਿਜਲੀ ਦੀ ਲੋੜ ਨਹੀਂ ਹੈ ਉਸ ਵੇਲੇ ਤਾਂ ਮੇਨ ਸਵਿੱਚ ਆਫ਼ ਕਰ ਕੇ ਰਖਣਾ ਚਾਹੀਦਾ ਹੈ। ਪਲਾਸਟਿਕ ਪੱਖੇ ਜ਼ਿਆਦਾ ਚਿਰ ਚਲਦੇ ਨਾ ਰੱਖੇ ਜਾਣ।


ਨਿਹੰਗ ਮੁਖੀ ਨੇ ਕਿਹਾ ਕਿ ਕੌਮ ਬਹੁਤ ਖਮਿਆਜ਼ੇ ਭੁਗਤ ਚੁੱਕੀ ਹੈ ਤੇ ਅੱਜ ਵੀ ਇਮਤਿਹਾਨ ਵਿਚੋਂ ਦੀ ਲੰਘ ਰਹੀ ਹੈ। ਸੱਭ ਗੁਰੂਘਰਾਂ ਦੇ ਸੇਵਾਦਾਰਾਂ, ਪ੍ਰਬੰਧਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁਰੂ ਦਰਬਾਰ ਤੇ ਸੁਖਆਸਨ ਅਸਥਾਨਾਂ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ। ਇਨ੍ਹਾਂ ਦਿਨਾਂ ਵਿਚ ਹੀ ਆਮ ਗੁਰੂਘਰਾਂ ਵਿਚ ਸ਼ਰਾਰਤੀ ਅਨਸਰਾਂ, ਨੀਮ ਪਾਗਲ ਲੋਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਮੁੜ ਧਾਰਮਕ ਤੌਰ 'ਤੇ ਸਮਾਜਕ ਲੜਾਈਆਂ ਦਾ ਕਾਰਨ ਬਣ ਜਾਂਦੇ ਹਨ। ਕੋਈ ਅਜਿਹਾ ਮੌਕਾ ਨਾ ਦਿਤਾ ਜਾਵੇ ਜਿਸ ਨਾਲ ਸਿਖ ਕੌਮ ਖ਼ਾਲਸਾ ਪੰਥ ਨੂੰ ਕਿਸੇ ਔਖੇ ਹਾਲਾਤ ਨਾਲ ਟਕਰਾਉਣਾ ਪਵੇ।