ਕੋਰੋਨਾ ਸਬੰਧੀ ਹਲਵਾਈਆਂ ਅਤੇ ਹੋਟਲ ਮਾਲਕਾਂ ਲਈ ਸਿਹਤ ਵਿਭਾਗ ਵਲੋਂ ਹਦਾਇਤਾਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਾਣਾ ਬਣਾਉਣ ਸਮੇਂ ਹੱਥੀਂ ਦਸਤਾਨੇ ਅਤੇ ਮਾਸਕ ਪਹਿਨਣਾ ਜ਼ਰੂਰੀ : ਸਿਵਲ ਸਰਜਨ

1

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ/ਕਸ਼ਮੀਰ ਸਿੰਘ): ਕੋਵਿਡ-19 ਦੇ ਮੱਦੇਨਜ਼ਰ ਬੇਸ਼ੱਕ ਪ੍ਰਸ਼ਾਸਨ ਵਲੋਂ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਢਿੱਲ ਦਿਤੀ ਗਈ ਹੈ। ਲੇਕਿਨ ਖਾਣ ਪੀਣ ਵਾਲੀਆਂ ਵਸਤੂਆਂ ਤਿਆਰ ਕਰਨ ਵਾਲੇ ਹਲਵਾਈਆਂ ਅਤੇ ਹੋਟਲ ਮਾਲਿਕਾਂ ਨੂੰ ਤਿਆਰ ਕੀਤੇ ਸਮਾਨ ਦੀ ਸਿਰਫ਼ ਹੋਮ ਡਲਿਵਰੀ ਕਰਨ ਦੀ ਹੀ ਛੋਟ ਦਿਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ  ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਨੂੰ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਖਾਣ ਪੀਣ ਵਾਲੀਆ ਵਸਤੂਆਂ ਨੂੰ ਢੱਕ  ਕੇ ਰੱਖਣਾ ਚਾਹੀਦਾ ਹੈ।
  ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੋਟਲ, ਢਾਬੇ ਅਤੇ ਰੈਸਟੋਰੈਂਟ ਦੀ ਹੋਮ ਡਲਿਵਰੀ ਕਰਨ ਦੇ ਆਦੇਸ਼ ਦਿਤੇ ਗਏ ਹਨ। ਖਾਣਾ ਬਣਾਉਂਦੇ ਸਮੇਂ ਅਤੇ ਖਾਣਾ ਹੋਮ ਡਲਿਵਰੀ ਕਰਦੇ ਸਮੇਂ ਹੱਥਾਂ ਤੇ ਦਸਤਾਨੇ ਅਤੇ ਮੂੰਹ ਤੇ ਮਾਸਕ ਪਾਉਣਾ ਜ਼ਰੂਰੀ ਹੈ ਅਤੇ ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੰਗੀ ਤਰ੍ਹਾਂ ਟੋਪੀ ਜਾਂ ਕਿਸੇ ਕਪੜੇ ਨਾਲ ਢੱਕਣਾ ਚਾਹੀਦਾ ਹੈ। ਡਾ. ਹਰੀ ਨਰਾਇਣ ਸਿੰਘ ਨੇ ਕਿਹਾ ਕਿ ਸਾਫ਼ ਦਾ ਖਾਸ ਧਿਆਨ ਰੱਖਿਆ ਜਾਵੇ  ਅਤੇ ਸਮੇਂ ਸਮੇਂ ਤੇ ਖਾਣਾ ਬਣਾਉਣ ਵਾਲੀ ਥਾਵਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਾਣਾ ਬਣਾਉਂਦੇ ਜਾਂ ਡਲਿਵਰੀ ਕਰਨ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਅੱਧਾ ਮਿੰਟ ਤਕ ਧੋਣੇ ਚਾਹੀਦੇ ਹਨ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੱਖੀਆਂ, ਮੱਛਰਾਂ ਅਤੇ ਮਿੱਟੀ ਤੋਂ ਬਚਾਅ ਦੇ ਲਈ ਵਸਤੂਆਂ ਦੀ ਸਾਫ਼-ਸਫ਼ਾਈ, ਸਾਫ਼ ਕਪੜੇ ਨਾਲ ਢੱਕ ਕੇ ਕਿਸੀ ਬੰਦ ਕੈਬਿਨ ਵਿਚ ਰੱਖਿਆ ਜਾਵੇ। ਸਾਰੇ ਵਰਕਰਾਂ ਦਾ ਮੈਡੀਕਲ ਮੁਆਇਨਾ ਕਰਵਾਇਆ ਜਾਵੇ ਅਤੇ ਰੋਜ਼ਾਨਾ ਤਾਪਮਾਨ ਚੈਕ ਕੀਤਾ ਜਾਵੇ।


   ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਮੇਂ-ਸਮੇਂ ਸਿਰ ਹਲਵਾਈਆਂ ਅਤੇ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਲੰਘੀ ਮਿਆਦ ਵਾਲੇ ਖਾਦ ਪਦਾਰਥ ਨਾ ਵੇਚਣ ਅਤੇ ਸਾਫ਼ ਸੁਥਰੀਆਂ ਅਤੇ ਤਾਜ਼ਾ ਵਸਤੂਆਂ ਹੀ ਲੋਕਾਂ ਨੂੰ ਸਪਲਾਈ ਕੀਤੀਆਂ ਜਾਣ। ਉਨ੍ਹਾਂ ਸਮੂਹ ਹਲਵਾਈਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਪਰੋਕਤ ਹਦਾਇਤਾਂ ਦੀ ਪਾਲਣਾ ਕਰਕੇ ਸਿਹਤ ਵਿਭਾਗ ਦਾ ਸਹਿਯੋਗ ਦਿਤਾ ਜਾਵੇ।