ਤਾਲਾਬੰਦੀ ਦੌਰਾਨ ਗੁਰਦਵਾਰਾ ਸਾਹਿਬ 'ਚ ਹਾਜ਼ਰੀ ਨਾ ਦੇਣ ਕਾਰਨ ਰਾਗੀ ਸਿੰਘ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਲਾਬੰਦੀ ਕਾਰਨ ਗੁਰਦਵਾਰਾ ਸਾਹਿਬ ਬੰਦ : ਪ੍ਰਧਾਨ ਜਗਜੀਤ ਸਿੰਘ

1

ਜੰਮੂ, 27 ਮਈ (ਸਰਬਜੀਤ ਸਿੰਘ) : ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਜੰਮੂ ਵਲੋਂ ਤਾਲਾਬੰਦੀ ਦੌਰਾਨ ਗੁਰਦਵਾਰਾ ਸਾਹਿਬ ਵਿਚ ਹਾਜ਼ਰੀ ਨਾ ਦੇਣ ਕਾਰਨਰਾਗੀ ਸੁਰਜੀਤ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜੰਮੂ ਕਸ਼ਮੀਰ ਵਿਚ ਲਗਾਤਾਰ ਵਧ ਰਹੀ ਕੋਰੋਨਾ ਮਹਾਂਮਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਵਲੋਂ ਧਾਰਮਕ ਸਥਾਨਾਂ 'ਤੇ ਲਗਾਈਆਂ ਪਾਬੰਦੀਆਂ ਤੋਂ ਬਾਅਦ ਜੰਮੂ ਕਸ਼ਮੀਰ ਦੇ ਸਾਰੇ ਗੁਰਦਵਾਰਿਆਂ ਨੂੰ ਬੰਦ ਰਖਣ ਦੇ ਹੁਕਮ ਦਿਤੇ ਸਨ। ਜਿਸ ਤੋਂ ਬਾਅਦ ਗੁਰਦਵਾਰਾ ਸਾਹਿਬ ਦੇ ਅੰਦਰ ਰੱਖੀ ਜਾਣ ਵਾਲੀ ਮਰਿਆਦਾ ਨੂੰ ਕਾਫ਼ੀ ਹੱਦ ਤਕ ਸੀਮਤ ਕਰ ਦਿਤਾ ਗਿਆ ਸੀ ਪਰ ਅਚਾਨਕ ਹੀ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਜੰਮੂ ਦੇ ਜਰਨਲ ਸਕੱਤਰ ਫ਼ਤਿਹ ਸਿੰਘ ਵਲੋਂ ਜਾਰੀ ਇਕ ਹੁਕਮ 'ਚ ਗੁਰਦੁਆਰਾ ਬਾਬਾ ਫ਼ਤਿਹ ਸਿੰਘ ਗਾਂਧੀ ਨਗਰ ਵਿਖੇ ਕੀਰਤਨ ਦੀ ਡਿਊਟੀ ਨਿਭਾਣ ਵਾਲੇ ਭਾਈ ਸੁਰਜੀਤ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਰਨਲ ਸਕੱਤਰ ਫ਼ਤਿਹ ਸਿੰਘ ਦਸਿਆ ਕਿ ਭਾਈ ਸੁਰਜੀਤ ਸਿੰਘ ਕਾਫ਼ੀ ਦਿਨ ਤੋਂ ਨੌਕਰੀ 'ਤੇ ਹਾਜ਼ਰ ਨਹੀਂ ਹੋ ਰਹੇ ਸਨ ਜਿਸ ਤੋਂ ਬਆਦ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਤਾਲਾਬੰਦੀ ਤਾਂ ਖ਼ਤਮ ਹੋ ਗਈ ਹੈ ਅਤੇ ਗੁਰਦਵਾਰਾ ਬੋਰਡ ਦੇ ਚੇਅਰਮੈਨ ਤਰਲੋਚਨ ਸਿੰਘ ਵਜੀਰ  ਦੇ ਕਹਿਣ 'ਤੇ ਸਵੇਰੇ ਦੇ ਕੀਰਤਨ ਲਈ ਭਾਈ ਸੁਰਜੀਤ ਸਿੰਘ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਏ ਜਿਸ ਤੋਂ ਬਾਅਦ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।


ਉਧਰ ਭਾਈ ਸੁਰਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਰਿਹਾਇਸ਼ ਕਠੂਆ ਜ਼ਿਲ੍ਹੇ ਵਿਚ ਹੈ ਜਿਥੇ ਰੈੱਡ ਜ਼ੋਨ ਹੈ। ਜਿਥੋਂ ਆਉਣ ਦਾ ਕੋਈ ਪ੍ਰÎਬੰਧ ਨਹੀਂ ਤੇ ਇਸ ਵਕਤ ਵੀ ਗੁਰਦਵਾਰਾ ਸਾਹਿਬ ਵਿਚ ਕੀਰਤਨ ਦੇ ਤਿੰਨ ਜੱਥੇ ਮੌਜੂਦ ਹਨ। ਅਗਰ ਫੇਰ ਵੀ ਕਮੇਟੀ ਚਾਹੁੰਦੀ ਹੈ ਤਾਂ ਡਵੀਜ਼ਨਲ ਕਮਿਸ਼ਨਰ ਤੋਂ  ਇਕ ਪਾਸ ਮੁਹਈਆ ਕਰਵਾਇਆ ਜਾਏ ਤਾਂ ਜੋ ਉਹ ਅਪਣੀਆਂ ਸੇਵਾਵਾਂ ਗੁਰਦਵਾਰਾ ਸਾਹਿਬ ਵਿਚ ਨਿਭਾ ਸਕਾਂ। ਸੋਸ਼ਲ ਮੀਡੀਆ 'ਤੇ ਭਾਈ ਸੁਰਜੀਤ ਸਿੰਘ ਦੀ ਮੁਅੱਤਲੀ ਦੀ ਚਿੱਠੀ ਆਉਣ 'ਤੇ ਲੋਕਾਂ ਵਲੋਂ ਕਮੇਟੀ ਦੇ ਇਸ ਫ਼ੈਸਲੇ ਦੀ ਭਾਰੀ ਨਿਖੇਧੀ ਕੀਤੀ ਜਾ ਰਹੀ ਹੈ।


ਜ਼ਿਕਰਯੋਗ ਹੈ ਕਿ ਜਦੋਂ ਇਸ ਸਾਰੇ ਘਟਨਾਕਰਮ ਬਾਰੇ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗੱਲ 'ਤੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਗੁਰਦਵਾਰਾ ਸਾਹਿਬ ਨੂੰ ਬੰਦ ਰਖਿਆ ਗਿਆ ਹੈ ਅਤੇ ਤਾਲਾਬੰਦੀ ਦੇ ਚਲਦੇ ਗੁਰਦਵਾਰਾ ਵਿਚ ਸਿਰਫ਼ ਮਰਿਆਦਾ ਨਿਭਾਈ ਜਾ ਰਹੀ ਹੈ। ਉਨ੍ਹਾਂ ਨੂੰ ਭਾਈ ਸੁਰਜੀਤ ਸਿੰਘ ਦੇ ਮੁਅੱਤਲ ਬਾਰੇ ਕਮੇਟੀ ਵਲੋਂ ਜਾਰੀ ਕੀਤੀ ਗਈ ਚਿੱਠੀ ਦੀ ਕੋਈ ਜਾਣਕਾਰੀ ਨਹੀਂ।