ਅਨਾਜ ਮੰਡੀਆਂ 'ਚ ਕਿਸਾਨਾਂ ਦੀ 31 ਮਈ ਤਕ ਖ਼ਰੀਦੀ ਜਾਵੇਗੀ ਕਣਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨਾਜ ਮੰਡੀਆਂ 'ਚ ਕਿਸਾਨਾਂ ਦੀ 31 ਮਈ ਤਕ ਖ਼ਰੀਦੀ ਜਾਵੇਗੀ ਕਣਕ

1

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ/ਗੁਰਦੇਵ ਸਿੰਘ): ਅਜੈਪਾਲ ਸਿੰਘ ਬਰਾੜ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕਣਕ ਦਾ ਕੰਮ ਕੋਰੋਨਾ ਵਾਇਰਸ ਦੇ ਚਲਦਿਆਂ ਪੂਰੀ ਸਾਵਧਾਨੀ ਨਾਲ ਚਲ ਰਿਹਾ ਹੈ। ਉਨ੍ਹਾਂ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਵਿਚ ਬਣਾਏ ਗਏ 240 ਖਰੀਦ ਕੇਂਦਰਾਂ ਵਿਚ ਹੁਣ ਤਕ 9,25,048 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਸਮੁੱਚੀ 925048 ਮੀਟਰਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿਚੋਂ 917769 ਮੀਟਰਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ।


ਜ਼ਿਲ੍ਹਾ ਮੰਡੀ ਅਫ਼ਸਰ ਅਨੁਸਾਰ ਪਨਗ੍ਰੇਨ ਵਲੋਂ 246633 ਮੀਟਰਕ ਟਨ, ਐਫ਼.ਸੀ.ਆਈ ਵਲੋ 83175 ਮੀਟਰਕ ਟਨ, ਮਾਰਕਫ਼ੈੱਡ ਵਲੋਂ 228137 ਮੀਟਰਕ ਟਨ, ਪਨਸਪ ਵਲੋਂ 211825 ਮੀਟਰਕ ਟਨ,  ਵੇਅਰ ਹਾਊਸ ਵਲੋਂ 155278 ਮੀਟਰਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਪਾਸੋ 31 ਮਈ ਤਕ ਕਣਕ ਦੀ ਖ਼ਰੀਦ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕਿਸਾਨ ਕਿਸੇ ਕਾਰਨ ਅਪਣੀ ਕਣਕ ਦੀ ਫ਼ਸਲ ਅਜੇ ਤਕ ਅਨਾਜ ਮੰਡੀਆਂ ਵਿਚ ਨਹੀਂ ਵੇਚ ਸਕੇ ਉਹ ਅਪਣੀ ਕਣਕ 31 ਮਈ ਤੋਂ ਪਹਿਲਾਂ-ਪਹਿਲਾਂ ਅਪਣੀ ਨੇੜਲੀ ਮੰਡੀ ਵਿਚ ਲਿਆ ਕੇ ਵੇਚ ਸਕਦਾ ਹੈ ਅਤੇ 31 ਮਈ ਤੋਂ ਬਾਅਦ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਜਾਵੇਗੀ।


ਜ਼ਿਲ੍ਹਾ ਮੰਡੀ ਅਫ਼ਸਰ ਨੇ ਦਸਿਆ ਕਿ ਸਾਰੀਆਂ ਅਨਾਜ ਮੰੰਡੀਆ ਵਿਚ ਲੋਕਾਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਾਫ਼-ਸਫ਼ਾਈ ਅਤੇ ਸੈਨੀਟਾਈਜ਼ਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਅਤੇ ਸਮੇਂ ਸਮੇਂ ਸੈਨੀਟਾਈਜੇਸ਼ਨ ਸਪ੍ਰੇਅ ਵੀ ਕੀਤਾ ਜਾਂਦਾ ਰਿਹਾ ਹੈ। ਇਸ ਮੌਕੇ ਉਤੇ ਬਲਜਿੰਦਰ ਸਿੰਘ ਸ਼ਰਮਾ ਵੀ ਮੌਜੂਦ ਸਨ।

ਜ਼ਿਲ੍ਹੇ ਦੀਆਂ ਸਬਜ਼ੀ ਮੰਡੀਆਂ ਵਿਚ ਰੱਖੀ ਜਾ ਰਹੀ ਹੈ ਕੋਰੋਨਾ ਵਾਇਰਸ ਤੋਂ ਪੂਰੀ ਚੌਂਕਸੀ



ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ/ਗੁਰਦੇਵ ਸਿੰਘ): ਅਜੈਪਾਲ ਸਿੰਘ ਬਰਾੜ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ  ਨੇ ਜਾਣਕਾਰੀ ਦਿੰਦਿਆਂ ਦਸਿਆਂ ਕਿ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ  ਜ਼ਿਲ੍ਹੇ  ਦੀਆਂ ਸਾਰੀਆਂ ਸਬਜ਼ੀ ਮੰਡੀਆਂ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਨ੍ਹਾਂ ਸਬਜ਼ੀ ਮੰਡੀਆਂ ਵਿਚ ਕੋਰੋਨਾ ਵਾਇਰਸ ਤੋਂ ਬਚਣ ਲਈ ਪੁਲਿਸ ਦੀ ਨਿਗਰਾਨੀ ਹੇਠ ਮੰਡੀ ਸੁਪਰਵਾਈਜ਼ਰਾਂ ਵਲੋਂ ਸਬਜ਼ੀ ਅਤੇ ਫੱਲਾਂ ਦੀ ਵਿਕਰੀ ਰੇਹੜੀ ਵਾਲਿਆਂ ਨੂੰ ਕਰਵਾਈ ਜਾ ਰਹੀ ਹੈ।  ਰੇਹੜੀ ਵਾਲੇ ਇਹ ਫੱਲ ਅਤੇ ਸਬਜ਼ੀਆਂ ਗਲੀ-ਮੁਹਲਿਆਂ ਵਿਚ ਵੇਚ ਰਹੇ ਹਨ ਅਤੇ ਫ਼ਾਲਤੂ ਆਦਮੀਆਂ ਨੂੰ ਸਬਜ਼ੀ ਮੰਡੀਆਂ ਵਿਚ ਸਖ਼ਤੀ ਨਾਲ ਰੋਕਿਆ ਜਾ ਰਿਹਾ ਹੈ। ਮੰਡੀ ਸਟਾਫ਼ ਵਲੋਂ ਹਰ ਆਦਮੀ ਨੂੰ ਮੂੰਹ ਢੱਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਸਬਜ਼ੀ ਮੰਡੀਆਂ ਵਿਚ ਆਪਸੀ ਦੂਰੀ ਰੱਖੀ ਜਾ ਰਹੀ ਹੈ। ਮੰਡੇ ਵਿਚ ਸੈਨੀਟਾਈਜ਼ੇਸਨ ਕੀਤੀ ਜਾ ਰਹੀ ਹੈ ਅਤੇ ਪਾਣੀ ਨਾਲ ਹੱਥ ਧੋਣ ਦਾ ਪ੍ਰਬੰਧ ਕੀਤਾ ਹੋਇਆ ਹੈ।