ਬਠਿੰਡਾ: ਬਲਾਤਕਾਰੀ ASI ਮਾਮਲੇ 'ਚ ਪੁਲਿਸ ਨੂੰ ਝਟਕਾ! ਹਾਈਕੋਰਟ ਨੇ ਬਣਾਈ ਨਵੀਂ ਸਿਟ 

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਪੁਲਿਸ ਵੱਲੋਂ ਬਣਾਈ ਗਈ ਐੱਸ.ਆਈ.ਟੀ.’ਚ ਕੋਈ ਵੀ ਔਰਤ ਅਧਿਕਾਰੀ ਸ਼ਾਮਲ ਨਹੀਂ ਸੀ।

Bathinda Case

ਬਠਿੰਡਾ : ਇਕ ਨੌਜਵਾਨ ਨੂੰ ਐੱਨ.ਡੀ.ਪੀ.ਸੀ. ਐੱਸ. ਐਕਟ ਤਹਿਤ ਨਾਮਜ਼ਦ ਕਰ ਕੇ ਉਸ ਦੀ ਵਿਧਵਾ ਮਾਂ ਨੂੰ ਬਲੈਕਮੇਲ ਕਰਨ ਵਾਲੇ ਬਠਿੰਡਾ ਦੇ ਏ.ਐੱਸ.ਆਈ. ਗੁਰਵਿੰਦਰ ਸਿੰਘ ਦੇ ਮਾਮਲੇ ’ਚ ਮਾਣਯੋਗ ਹਾਈਕੋਰਟ ਨੇ ਪੰਜਾਬ ਪੁਲਸ ਨੂੰ ਝਟਕਾ ਦਿੱਤਾ ਹੈ। ਇਸ ਮਾਮਲੇ ਵਿਚ ਹਾਈਕੋਰਟ ਨੇ ਬਠਿੰਡਾ ਪੁਲਿਸ ਵੱਲੋਂ ਬਣਾਈ ਐੱਸ.ਆਈ.ਟੀ. ਨੂੰ ਰੱਦ ਕਰਦੇ ਹੋਏ ਇਕ ਨਵੀਂ ਐੱਸ.ਆਈ.ਟੀ. ਦਾ ਗਠਨ ਕਰ ਦਿੱਤਾ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਹਾਈਕੋਰਟ ਵੱਲੋਂ ਗਠਿਤ ਕੀਤੀ ਗਈ ਐੱਸ.ਆਈ.ਟੀ.’ਚ ਏ. ਡੀ. ਜੀ. ਪੀ.ਗੁਰਪ੍ਰੀਤ ਦਿਓ, ਐੱਸ.ਐੱਸ.ਪੀ. ਮੁਕਤਸਰ ਸੁਧਾਰਵਿਜ਼ੀ ਅਤੇ ਡੀ.ਐੱਸ.ਪੀ. ਬੁਢਲਾਡਾ ਪ੍ਰਭਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।

ਪਟੀਸ਼ਨ ਵਿਚ ਉਨ੍ਹਾਂ ਉਕਤ ਮਾਮਲੇ ਦੀ ਆਈ.ਪੀ.ਐੱਸ.ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਸੀ। ਪੀੜਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਮਹਿਲਾ ਨਾਲ ਏ.ਐੱਸ.ਆਈ.ਵੱਲੋਂ ਜਬਰ ਜ਼ਿਨਾਹ ਕਰਨ ਅਤੇ ਉਸ ਦੇ ਪੁੱਤਰ ’ਤੇ ਐੱਨ.ਡੀ.ਪੀ.ਐੱਸ.ਐਕਟ ਤਹਿਤ ਮਾਮਲਾ ਦਰਜ ਕੀਤੇ ਗਏ ਕੇਸ ਦੀ ਜਾਂਚ ਦੇ ਲਈ ਐੱਸ.ਆਈ.ਟੀ. ਗਠਿਤ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਬਣਾਈ ਗਈ ਐੱਸ.ਆਈ.ਟੀ.’ਚ ਕੋਈ ਵੀ ਔਰਤ ਅਧਿਕਾਰੀ ਸ਼ਾਮਲ ਨਹੀਂ ਸੀ।