ਸਾਬਕਾ ਕ੍ਰਿਕਟਰ ਤੇ ਫ਼ਿਲਮ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ

ਏਜੰਸੀ

ਖ਼ਬਰਾਂ, ਪੰਜਾਬ

ਬਿਨ੍ਹਾਂ ਮੁਕਾਬਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਗੁਲਜ਼ਾਰ ਇੰਦਰ ਸਿੰਘ ਚਾਹਲ

Gulzar Inder Chahal

 

ਚੰਡੀਗੜ੍ਹ - ਸਾਬਕਾ ਕ੍ਰਿਕਟਰ ਤੇ ਫਿਲਮੀ ਅਦਾਕਾਰ ਗੁਲਜ਼ਾਰ ਇੰਦਰ ਸਿੰਘ ਚਾਹਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਬਿਨ੍ਹਾਂ ਮੁਕਾਬਲੇ ਪ੍ਰਧਾਨ ਬਣ ਗਏ ਹਨ। ਗੁਲਜ਼ਾਰ ਇੰਦਰ ਚਾਹਲ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਆਪਣੇ ਸਮੇਂ ਦੇ ਪ੍ਰਸਿੱਧ ਕ੍ਰਿਕਟ ਖਿਡਾਰੀ ਰਹੇ ਨਵਜੋਤ ਸਿੰਘ ਸਿੱਧੂ ਦੇ ਕਾਫ਼ੀ ਨਜ਼ਦੀਕ ਹਨ। ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਬਾਕੀ ਅਹੁਦਿਆਂ 'ਚ ਜਿਵੇਂ ਕਿ ਉਪ ਪ੍ਰਧਾਨ  ਗਗਨ ਖੰਨਾ, ਸੈਕਟਰੀ ਦਿਲਸ਼ੇਰ ਖੰਨਾ, ਸੰਯੁਕਤ ਸਕੱਤਰ ਸੁਰਜੀਤ ਰਾਏ, ਖਜ਼ਾਨਚੀ ਰਾਕੇਸ਼ ਵਾਲੀਆ  ਤੇ ਬਣਾਈ ਗਈ ਕੌਂਸਲ ਦੇ ਮੈਂਬਰਾਂ ਚ ਸੰਦੀਪ ਸਿੰਘ ਗੁਰਦੀਪ ਸਿੰਘ ਧਾਲੀਵਾਲ ਬਲਵੰਤ ਸਿੰਘ ਸਹਿਗਲ ਸਾਹਬਜੀਤ ਅਤੇ ਰਿਸ਼ੀ ਪਾਹਵਾ ਆਦਿ  ਦੇ ਨਾਂ ਹਨ।

 

 

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੀ ਅਕਾਲੀ ਅਤੇ ਕਾਂਗਰਸੀ ਸਰਕਾਰ ਵਿਚ ਕੈਬਨਿਟ ਰੈਂਕ ਦਾ ਅਹੁਦਾ ਰੱਖਣ ਵਾਲੇ ਪ੍ਰਸਿੱਧ ਬਿਜਨੈਸਮੈਨ ਟਰਾਈਡੈਂਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਗੁਪਤਾ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਅੱਜ ਪੀ ਸੀ ਏ ਦੀ ਚੋਣ ਰੱਖੀ ਗਈ ਸੀ ਅਤੇ ਕਿਸੇ ਨੇ ਵੀ ਮੁਕਾਬਲੇ ਵਿਚ ਪ੍ਰਧਾਨਗੀ ਤੋਂ ਇਲਾਵਾ ਬਾਕੀ ਅਹੁਦਿਆਂ ਲਈ ਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ।

ਜਿਸ ਕਾਰਨ ਇਹ ਅਹੁਦੇਦਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ। ਨਵੇਂ ਬਣੇ ਪੀ ਸੀ ਏ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਫ਼ਿਲਮੀ ਅਦਾਕਾਰ ਵੀ ਹਨ ਅਤੇ ਉਹ ਸੇਵਾਮੁਕਤ ਡੀਆਈਜੀ ਹਰਿੰਦਰ ਸਿੰਘ ਚਾਹਲ ਦੇ ਪੁੱਤਰ ਹਨ। ਤਤਕਾਲੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੁਲਜ਼ਾਰ ਇੰਦਰ ਸਿੰਘ ਚਾਹਲ ਨੂੰ ਹਾਈਕਮਾਨ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਖਜ਼ਾਨਚੀ ਬਣਵਾਇਆ ਸੀ ਤੇ ਜਦੋਂ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਤੋਂ ਬਿਨਾਂ ਮੁੱਖ ਮੰਤਰੀ ਚੰਨੀ ਵੱਲੋਂ ਡੀਜੀਪੀ ਤੇ ਐਡਵੋਕੇਟ ਜਨਰਲ ਦੇ ਅਹੁਦਿਆਂ ਦੀ ਨਿਯੁਕਤੀ ਕੀਤੀ ਗਈ ਤਾਂ ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਅਸਤੀਫਾ ਦੇ ਦਿੱਤਾ ਸੀ।