ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚ ਗ਼ਰੀਬ ਵਿਦਿਆਰਥੀ ਸਾਈਕਲਾਂ ਨੂੰ ਤਰਸੇ
ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚ ਗ਼ਰੀਬ ਵਿਦਿਆਰਥੀ ਸਾਈਕਲਾਂ ਨੂੰ ਤਰਸੇ
ਵਿਦਿਆਰਥੀਆਂ ਦੀਆਂ ਲੋੜਾਂ ਨੂੰ ਟਿੱਚ ਜਾਣਦੇ ਹਨ ਸਿਰਸਾ ਜ਼ਿਲ੍ਹੇ 'ਚ ਸਿਖਿਆ ਵਿਭਾਗ ਦੇ ਅਧਿਕਾਰੀ
ਸਿਰਸਾ, 26 ਮਈ (ਸੁਰਿੰਦਰ ਪਾਲ ਸਿੰਘ): ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਦੇ ਸਿਖਿਆ ਅਧਿਕਾਰੀ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਜਨ ਸਮਸਿਆਵਾਂ ਨੂੰ ਟਿੱਚ ਜਾਣਦੇ ਹਨ | ਤਾਜ਼ਾ ਮਾਮਲੇ ਅਨੂੰਸਾਰ ਹਰਿਆਣਾ ਸਰਕਾਰ ਵਲੋਂ 2 ਕਿਲੋਮੀਟਰ ਦੂਰ ਸਰਕਾਰੀ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਅਨੁਸੂਚਿਤ ਜਾਤੀ ਵਰਗ ਦੇ 3540 ਵਿਦਿਆਰਥੀਆਂ ਨੂੰ ਤਿੰਨ ਮਹੀਨੇ ਗੁਜ਼ਰ ਜਾਣ ਦੇ ਬਾਅਦ ਵੀ ਸਾਈਕਲਾਂ ਨਹੀਂ ਦਿਤੀਆਂ ਗਈਆਂ | ਮੇਰੀ ਸਾਈਕਲ ਮੇਰੀ ਪਸੰਦ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਫਰਵਰੀ ਮਹੀਨੇ ਵਿੱਚ ਮੇਲਾ ਲਾ ਕੇ ਸਾਈਕਲਾਂ ਪਸੰਦ ਕਰਵਾਈਆਂ ਗਈਆਂ ਸੀ |
ਹੈਰਾਨੀ ਦੀ ਗੱਲ ਹੈ ਕਿ ਸਿਖਿਆ ਵਿਭਾਗ ਵਲੋ 87 ਲੱਖ 61 ਹਜਾਰ 350 ਰੁਪਏ ਦਾ ਬਜਟ ਵਿੱਤੀ ਸਾਲ ਦੇ ਅੰਤਮ ਹਫ਼ਤੇ ਵਿੱਚ 29 ਮਾਰਚ ਨੂੰ ਜਾਰੀ ਕੀਤਾ ਗਿਆ ਅਤੇ 31 ਮਾਰਚ ਨੂੰ ਦੇਰ ਰਾਤ ਤੱਕ 7 ਬਲਾਕਾਂ ਦੇ ਬਿਲ ਅਪਰੂਵਲ ਲਈ ਫਾਇਨੈਸ ਡਿਪਾਰਟਮੈਂਟ ਕੋਲ ਭੇਜੇ ਗਏ | ਜਿਨ੍ਹਾਂ ਵਿਚੋਂ ਕਰੀਬ 36 ਲੱਖ ਰੁਪਏ ਦੀ ਬਿਲ ਹੀ ਪਾਸ ਹੋਏ ਤੇ ਕਰੀਬ 51 ਲੱਖ ਰੁਪਏ ਦੇ ਬਿਲ ਪਾਸ ਨਾ ਹੋਣ ਕਾਰਨ ਬਜਟ ਖਰਚ ਨਹੀਂ ਹੋ ਪਾਇਆ ਅਤੇ ਲੈਪਸ ਹੋ ਕੇ ਵਾਪਸ ਟਰੈਜਰੀ ਵਿੱਚ ਚਲਾ ਗਿਆ |
ਪਰ ਇਹ ਪੁਛਣ ਵਾਲਾ ਕੋਈ ਨਹੀਂ ਕਿ ਸਿਖਿਆ ਵਿਭਾਗ ਦੇ ਕਿਨ੍ਹਾਂ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਹ ਬਜਟ ਖਰਚ ਨਹੀਂ ਹੋ ਪਾਇਆ?
ਦੂਜੀ ਗੱਲ ਸਰਕਾਰ ਨੇ 3 ਸਾਲਾਂ ਤੋਂ ਸਾਈਕਲਾ ਲਈ ਰਾਸ਼ੀ ਨਹੀਂ ਵਧਾਈ ਤੇ ਸਾਈਕਲਾਂ ਦਾ ਮੁੱਲ ਹੁਣ ਦੁਗਣਾ ਹੋ ਗਿਆ ਹੈ | ਸਿਰਸਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਤ ਕੁਮਾਰ ਨੇ ਤਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਸਾਈਕਲ ਯੋਜਨਾ ਤਹਿਤ ਵਿਭਾਗ ਵਲੋਂ ਜਾਰੀ ਬਜਟ ਵਿੱਚੋਂ 31 ਮਾਰਚ ਤਕ ਟਰੈਜਰੀ ਵਿਚੋਂ ਬਿਲ ਪਾਸ ਨਹੀਂ ਹੋਏ ਤੇ 51 ਲੱਖ ਦੀ ਰਾਸ਼ੀ ਟਰੈਜਰੀ ਵਿੱਚ ਹੀ ਵਾਪਸ ਜਮ੍ਹਾਂ ਹੋ ਗਈ ਤੇ ਹੁਣ ਸਿਖਿਆ ਵਿਭਾਗ ਵਲੋਂ ਦੁਬਾਰਾ ਬਜਟ ਦੀ ਮੰਗ ਕੀਤੀ ਗਈ ਹੈ | ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸਿਰਸਾ 'ਚ ਹੁਣ ਗਰੀਬ ਘਰਾਂ ਦੇ ਵਿਦਿਆਰਥੀਆਂ ਲਈ ਮੇਰੀ ਸਾਈਕਲ ਮੇਰੀ ਪਸੰਦ ਯੋਜਨਾ ਕੇਵਲ ਸੁਪਨਾ ਬਣ ਕੇ ਰਹਿ ਗਈ ਹੈ |