ਨੈਸ਼ਨਲ ਅਚੀਵਮੈਂਟ ਸਰਵੇ 'ਚ ਪੰਜਾਬ ਬਣਿਆ ਨੰਬਰ ਇੱਕ ਸੂਬਾ
ਇਸ ਸਰਵੇ 'ਚ ਪੰਜਾਬ ਦੇ 1.17 ਲੱਖ ਵਿਦਿਆਰਥੀਆਂ ਨੇ ਲਿਆ ਸੀ ਹਿੱਸਾ
15 ਵਿੱਚੋਂ 10 ਸ਼੍ਰੇਣੀਆਂ ਵਿੱਚ ਸਿਖਰ ’ਤੇ ਆਇਆ ਪੰਜਾਬ
ਚੰਡੀਗੜ੍ਹ : ਨੈਸ਼ਨਲ ਅਚੀਵਮੈਂਟ ਸਰਵੇ ਆਫ਼ ਐਜੂਕੇਸ਼ਨ ਵਿੱਚ ਪੰਜਾਬ ਨੰਬਰ ਇੱਕ ਸੂਬਾ ਬਣ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਪੰਜਾਬ ਤੋਂ ਕਾਫੀ ਪਿੱਛੇ ਰਹਿ ਗਈ। 3ਵੀਂ, 5ਵੀਂ ਅਤੇ 8ਵੀਂ ਜਮਾਤ ਦੇ ਸਾਰੇ 5 ਵਿਸ਼ਿਆਂ ਵਿੱਚ ਪੰਜਾਬ ਨੰਬਰ ਇੱਕ ਰਿਹਾ ਹੈ।
10ਵੀਂ ਦੇ ਗਣਿਤ 'ਚ ਪੰਜਾਬ ਪਹਿਲੇ ਨੰਬਰ 'ਤੇ ਹੈ। ਦੱਸ ਦੇਈਏ ਕਿ ਪੰਜਾਬ ਨੂੰ 1000 ਵਿੱਚੋਂ ਇਹ 929 ਨੰਬਰ ਮਿਲੇ ਹਨ। ਜਾਣਕਾਰੀ ਅਨੁਸਾਰ ਇਸ ਸਰਵੇ ਵਿੱਚ ਦਿੱਲੀ ਅਤੇ ਪੰਜਾਬ ਦੇ 34.01 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਜਿਨ੍ਹਾਂ ਵਿੱਚੋਂ 1.17 ਲੱਖ ਪੰਜਾਬ ਦੇ ਸਨ। ਦੱਸ ਦੇਈਏ ਕਿ ਪੰਜਾਬ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਸਿਖਰ ’ਤੇ ਆਇਆ ਹੈ।
ਤੀਜੀ ਜਮਾਤ ਦੇ ਟੈਸਟ ਵਿੱਚ ਪੰਜਾਬ ਨੇ ਭਾਸ਼ਾ ਵਿੱਚ 355, ਗਣਿਤ ਵਿੱਚ 339 ਅਤੇ ਵਾਤਾਵਰਣ ਅਧਿਐਨ ਵਿੱਚ 334 ਅੰਕ ਪ੍ਰਾਪਤ ਕੀਤੇ। ਇਸ ਦੇ ਉਲਟ ਦਿੱਲੀ ਨੇ ਕ੍ਰਮਵਾਰ 302, 282 ਅਤੇ 288 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਪੰਜਵੀਂ ਜਮਾਤ ਵਿੱਚ ਪੰਜਾਬ ਨੇ ਭਾਸ਼ਾ ਵਿੱਚ 339, ਗਣਿਤ ਵਿੱਚ 310 ਅਤੇ ਵਾਤਾਵਰਨ ਅਧਿਐਨ ਵਿੱਚ 310 ਅੰਕ ਪ੍ਰਾਪਤ ਕੀਤੇ।
ਦਿੱਲੀ ਨੂੰ ਕ੍ਰਮਵਾਰ 304, 273 ਅਤੇ 274 ਨੰਬਰ ਮਿਲੇ ਹਨ। ਇਸ ਤਰ੍ਹਾਂ ਹੀ 8ਵੀਂ ਜਮਾਤ ਵਿੱਚ ਪੰਜਾਬ ਨੇ ਭਾਸ਼ਾ ਵਿੱਚ 338, ਗਣਿਤ ਵਿੱਚ 297, ਸਾਇੰਸ ਵਿੱਚ 287 ਅਤੇ ਸਮਾਜਿਕ ਵਿਗਿਆਨ ਵਿੱਚ 288 ਅੰਕ ਪ੍ਰਾਪਤ ਕੀਤੇ ਹਨ ਜਦਕਿ ਦਿੱਲੀ ਨੂੰ 316, 253, 257 ਅਤੇ 254 ਨੰਬਰ ਮਿਲੇ ਹਨ।