Abohar News : ਚੋਣ ਡਿਊਟੀ ਤੋਂ ਵਾਪਸ ਆ ਰਹੇ ਹੋਮ ਗਾਰਡ ਦੀ ਰਸਤੇ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਉਹ ਚੋਣ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਬਠਿੰਡਾ ਨੇੜੇ ਅਚਾਨਕ ਤਬੀਅਤ ਵਿਗੜ ਗਈ

Home Guard died

Abohar News : ਅਬੋਹਰ ਜੀਆਰਪੀ 'ਚ ਤਾਇਨਾਤ ਇੱਕ ਹੋਮਗਾਰਡ ਦੀ ਬਠਿੰਡਾ ਨੇੜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਤ ਨਗਰੀ ਦਾ ਰਹਿਣ ਵਾਲਾ ਹੋਮ ਗਾਰਡ ਹਰਿਆਣਾ ਦੇ ਜੀਂਦ 'ਚ ਚੋਣ ਡਿਊਟੀ ਕਰਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ 'ਚ ਉਸਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਮੁੱਖ ਸ਼ਿਵਪੁਰੀ ਵਿੱਚ ਕੀਤਾ ਗਿਆ।

ਜਾਣਕਾਰੀ ਅਨੁਸਾਰ 53 ਸਾਲ ਦੇ ਵਿਨੋਦ ਕੁਮਾਰ ਦੀ ਹਰਿਆਣਾ ਵਿੱਚ ਲੋਕ ਸਭਾ ਚੋਣਾਂ 'ਚ ਡਿਊਟੀ ਲਗਾਈ ਗਈ ਸੀ। ਚੋਣ ਡਿਊਟੀ ਤੋਂ ਬਾਅਦ ਅੱਜ ਉਹ ਵਾਪਸ ਅਬੋਹਰ ਆ ਰਿਹਾ ਸੀ ਕਿ ਰਸਤੇ ਵਿੱਚ ਅਚਾਨਕ ਉਸਦੀ ਤਬੀਅਤ ਵਿਗੜ ਗਈ। ਜਿਸ ਨੂੰ ਤੁਰੰਤ ਬਠਿੰਡਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੂਚਨਾ ਮਿਲਦੇ ਹੀ ਵਿਨੋਦ ਦਾ ਪਰਿਵਾਰ ਅਤੇ ਜੀਆਰਪੀ ਪੁਲਿਸ ਉੱਥੇ ਪਹੁੰਚ ਗਈ।

ਜਿਸ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੂਰੇ ਸਨਮਾਨਾਂ ਨਾਲ ਅਬੋਹਰ ਲਿਆਂਦਾ ਗਿਆ। ਜਿਨ੍ਹਾਂ ਦਾ ਅੰਤਿਮ ਸਸਕਾਰ ਇੰਦਰਾ ਨਗਰੀ ਦੇ ਸ਼ਿਵਪੁਰੀ ਵਿਖੇ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਦੌਰਾਨ ਫ਼ਿਰੋਜ਼ਪੁਰ ਕਮਾਂਡੈਂਟ ਰਜਿੰਦਰਾ ਕਿ੍ਸ਼ਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਜਿਨ੍ਹਾਂ ਨੇ ਵਿਨੋਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਵਿਨੋਦ ਕੁਮਾਰ ਦੇ ਪਰਿਵਾਰ ਨੇ ਮੰਗ ਕੀਤੀ ਕਿ ਉਸ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਡਿਊਟੀ ਦੌਰਾਨ ਹੋਈ ਮੌਤ ਲਈ ਚੋਣ ਕਮਿਸ਼ਨ ਤੋਂ ਮੁਆਵਜ਼ਾ ਦਿੱਤਾ ਜਾਵੇ।