ਅਕਾਲੀ ਦਲ ਵਲੋਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਮੁਜ਼ਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ  ਨੇ ਪਟਰੌਲ ਅਤੇ ਡੀਜ਼ਲ ਉਪਰ ਸੂਬਾ ਸਰਕਾਰ ਵਲੋਂ ਲਗਾਏ ਜਾ ਰਹੇ ਵੈਟ ਨੂੰ ਘੱਟ ਕਰਵਾਉਣ ਅਤੇ ਪੰਜਾਬ ਦੀ ਕੈਬਨਿਟ ਵਿਚ ਪਟਰੌਲ ਅਤੇ....

Akali Dal Protesting

ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ  ਨੇ ਪਟਰੌਲ ਅਤੇ ਡੀਜ਼ਲ ਉਪਰ ਸੂਬਾ ਸਰਕਾਰ ਵਲੋਂ ਲਗਾਏ ਜਾ ਰਹੇ ਵੈਟ ਨੂੰ ਘੱਟ ਕਰਵਾਉਣ ਅਤੇ ਪੰਜਾਬ ਦੀ ਕੈਬਨਿਟ ਵਿਚ ਪਟਰੌਲ ਅਤੇ ਡੀਜ਼ਲ  ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਲਈ ਮਤਾ ਪਾਸ ਕਰਨ ਲਈ ਮਜਬੂਰ ਕਰਨ ਵਾਸਤੇ ਪੰਜਾਬ ਭਰ ਵਿਚ ਜ਼ਿਲ੍ਹਾ ਪਧਰੀ ਰੋਸ ਮੁਜ਼ਾਹਰੇ ਅੱਜ ਕੀਤੇ ਗਏ। ਰੋਸ ਮੁਜ਼ਾਹਰਿਆਂ ਦੀ ਪਾਰਟੀ ਦੀ ਕੋਰ ਕਮੇਟੀ ਦੇ ਇਕ-ਇਕ ਸੀਨੀਅਰ ਮੈਂਬਰ ਨੇ ਅਗਵਾਈ ਕੀਤੀ ਅਤੇ ਹਰ ਜ਼ਿਲ੍ਹੇ ਵਿਚ ਪਾਰਟੀ ਦੇ ਵੱਡੀ ਗਿਣਤੀ  ਆਗੂ ਅਤੇ ਵਰਕਰ ਇਸ ਵਿਚ ਸ਼ਾਮਲ ਹੋਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਪੰਜਾਬ ਭਰ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਸੂਬੇ ਭਰ ਦੇ ਲੋਕਾਂ ਵਿਚ ਪੰਜਾਬ ਸਰਕਾਰ ਵਲੋਂ ਪਟਰੌਲ ਉਪਰ ਲਗਾਏ ਜਾ ਰਹੇ 35.14 ਪ੍ਰਤੀਸ਼ਤ ਅਤੇ ਡੀਜ਼ਲ ਉਪਰ ਲਗਾਏ ਜਾ ਰਹੇ 17.34 ਪ੍ਰਤੀਸ਼ਤ ਵੈਟ ਕਰ ਕੇ ਭਾਰੀ ਰੋਸ ਹੈ। ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿਚ ਬਿਜਲੀ ਦੀਆਂ ਕੀਮਤਾਂ ਵਿਚ 15 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਨੇ ਲੋਕਾਂ ਦੇ ਜ਼ਖ਼ਮਾਂ ਤੇ ਲੂਣ ਛਿੱੜਕਣ ਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਥਾਵਾਂ ਤੇ ਪਾਰਟੀ ਦੇ ਆਗੂਆਂ ਵਲੋਂ ਕਾਂਗਰਸ ਪਾਰਟੀ ਦਾ ਭਾਡਾਂ ਚੌਰਾਹੇ ਵਿਚ ਭੰਨਿਆ ਗਿਆ ਜਿਸ ਵਿਚ ਸੂਬਾ ਸਰਕਾਰ ਵਲੋਂ ਲਾਏ ਟੈਕਸਾਂ ਨੂੰ ਲੁਕਾ ਕੇ ਸਾਰਾ ਭਾਰ ਕੇਂਦਰ ਸਰਕਾਰ ਦੇ ਸਿਰ ਮੜ੍ਹਨ ਦੀ ਕੋਸ਼ਿਸ ਕਰ ਰਹੀ ਹੈ। ਸਾਰੇ ਥਾਵਾਂ ਉਤੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰਾਂ ਨੁੰ ਦਿਤੇ ਗਏ ਯਾਦ ਪੱਤਰਾਂ ਵਿਚ ਇਸ ਗੱਲ 'ਤੇ ਜ਼ੋਰ ਦਿਤਾ ਗਿਆ ਕਿ ਜੇ ਵਾਕਿਆ ਹੀ ਪੰਜਾਬ ਦੀ ਕਾਂਗਰਸ ਸਰਕਾਰ ਡੀਜ਼ਲ ਅਤੇ ਪਟਰੌਲ ਦੇ ਰੇਟ ਘਟਾਉਣਾ ਚਾਹੁੰਦੀ ਹੈ ਤਾਂ ਤੁਰਤ ਕੈਬਨਿਟ ਮੀਟਿੰਗ ਬੁਲਾ ਕੇ ਪੈਟਰੋਲੀਅਮ ਵਸਤਾਂ ਨੁੰ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਉਣ ਦੀ ਸ਼ਿਫਾਰਿਸ਼ ਜੀ.ਐਸ.ਟੀ ਕੌਂਸਲ ਨੂੰ ਭੇਜੇ।