ਸਿੱਖ ਭਾਵਨਾਵਾਂ ਦਾ ਸ਼ੋਸ਼ਣ ਕਰਨ ਦੀ ਹਰਸਿਮਰਤ ਬਾਦਲ ਦੀ ਕੋਸ਼ਿਸ਼ ਸ਼ਰਮਨਾਕ ਤੇ ਬੇਤੁਕੀ : ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ਾ ਦਿਤੇ ਜਾਣ ਦੇ ਮੁੱਦੇ 'ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵਲੋਂ ਕੀਤੇ ...

Captain Amarinder Singh

ਚੰਡੀਗੜ੍ਹ, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ਾ ਦਿਤੇ ਜਾਣ ਦੇ ਮੁੱਦੇ 'ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵਲੋਂ ਕੀਤੇ ਟਵੀਟ ਨੂੰ ਸ਼ਰਮਨਾਕ ਅਤੇ ਬੇਤੁਕਾ ਦਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਕੋ- ਇਕ ਮੁਆਵਜ਼ਾ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ 2006 ਵਿਚ ਦਿਤਾ ਗਿਆ ਸੀ। 

ਹਰਸਿਮਰਤ ਕੌਰ ਬਾਦਲ ਦੇ ਟਵੀਟ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਅਦਾਲਤ ਅੰਮ੍ਰਿਤਸਰ ਵਲੋਂ ਨਜ਼ਰਬੰਦਾਂ ਨੂੰ ਮੁਆਵਜ਼ਾ ਦੇਣ ਲਈ ਦਿਤੇ ਫ਼ੈਸਲੇ ਦੇ ਸਬੰਧ ਵਿਚ ਪੰਜਾਬ ਦਾ ਹਿੱਸਾ ਪੂਰੀ ਤਰ੍ਹਾਂ ਬੰਨੇ 'ਤੇ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਦਾ ਇਹ ਟਵੀਟ ਸਿਰਫ ਉਨ੍ਹਾਂ ਦੇ ਉਸ ਐਲਾਨ 'ਤੇ ਪ੍ਰਤੀਕਿਰਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇ ਕੇਂਦਰ ਸਰਕਾਰ ਨਜ਼ਰਬੰਦਾਂ ਨੂੰ ਬਚਾਉਣ ਲਈ ਅੱਗੇ ਨਹੀਂ ਆਉਣਾ ਚਾਹੁੰਦੀ ਤਾਂ ਪੰਜਾਬ ਮੁਆਵਜ਼ੇ ਦੀ ਪੂਰੀ ਰਾਸ਼ੀ ਦੇਣ ਲਈ ਤਿਆਰ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਇਹ ਘਬਰਾਹਟ ਭਰੀ ਪ੍ਰਤੀਕਿਰਿਆ ਹੈ। ਉਨ੍ਹਾਂ ਪੁਛਿਆ ਕਿ ਅਕਾਲੀ ਅਪਣੇ ਸ਼ਾਸਨ ਦੇ 10 ਵਰ੍ਹਿਆਂ ਦੌਰਾਨ ਨਜ਼ਰਬੰਦਾਂ ਲਈ ਕੁੱਝ ਵੀ ਕਰਨ ਤੋਂ ਅਸਫ਼ਲ ਕਿਉਂ ਰਹੇ। ਉਨ੍ਹਾਂ ਨੇ ਹਰਸਿਮਰਤ ਕੌਰ ਬਾਦਲ ਤੋਂ ਇਹ ਵੀ ਜਾਣਨਾ ਚਾਹਿਆ ਕਿ ਉਹ ਕੇਂਦਰ ਵਿਚ ਮੰਤਰੀ ਹੁੰਦੇ ਹੋਏ ਵੀ ਪਿਛਲੇ 4 ਸਾਲਾਂ ਦੌਰਾਨ ਇਹ ਮੁੱਦਾ ਕੇਂਦਰ ਕੋਲ ਉਠਾਉਣ ਵਿਚ ਨਾਕਾਮ ਕਿਉਂ ਰਹੇ।

 ਕੈਪਟਨ ਅਮਰਿੰਦਰ ਸਿੰਘ ਨੇ ਪੁਛਿਆ ਕਿ ਕੀ ਅਕਾਲੀ ਉਸ ਸਿੱਖ ਭਾਈਚਾਰੇ ਦੇ ਅਧਿਕਾਰਾਂ ਬਾਰੇ ਰੱਤੀ ਭਰ ਵੀ ਗੰਭੀਰ ਹਨ ਜਿਨ੍ਹਾਂ ਦੇ ਉਹ ਅਪਣੇ ਆਪ ਨੂੰ ਖੈਰ-ਖਵਾਹ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਇਹ ਮੁੱਦਾ ਏਨਾ ਨਾ ਲਟਕਦਾ ਜੇ ਇਕ ਵਾਰ ਫਿਰ ਜੋਧਪੁਰ ਦੇ ਨਜ਼ਰਬੰਦਾਂ ਨੂੰ ਰਾਹਤ ਦਾ ਇਹ ਮੁੱਦਾ ਉਨ੍ਹਾਂ ਉੱਤੇ ਨਾ ਛਡਿਆ ਹੁੰਦਾ। 

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਿੱਖਾਂ ਦੀ ਭਾਵਨਾਵਾਂ ਦਾ ਸ਼ੋਸਣ ਕਰ ਕੇ ਉਨ੍ਹਾਂ ਤੋਂ ਲਾਹਾ ਲੈਣ ਦੀਆਂ ਸਿਆਸੀ ਸਕੀਮਾਂ ਵਿਚ ਹੀ ਰੁਝੇ ਰਹਿੰਦੇ ਹਨ। ਉਨ੍ਹਾਂ ਨੇ ਹਰਸਿਮਰਤ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਦੀ ਫ਼ੁਟ ਪਾਉ ਅਤੇ ਵਖਵਾਦੀ ਸਿਆਸਤ ਕਰਨ ਵਿਰੁਧ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਿਆਸਤ ਉਨ੍ਹਾਂ ਦੇ ਵਾਪਸ ਪੰਜਾਬ ਵਿਚ ਆਉਣ ਪੈਰ ਜਮਾਉਣ ਵਿਚ ਕੋਈ ਮਦਦ ਨਹੀ ਕਰ ਸਕਦੀ।