ਬਲੀ ਦੇਣ ਦੀ ਨੀਅਤ ਨਾਲ ਅਗ਼ਵਾ ਕੀਤਾ ਬੱਚਾ ਪੁਲਿਸ ਨੇ ਬਰਾਮਦ ਕਰ ਕੇ ਕੀਤਾ ਮਾਪਿਆਂ ਹਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਹਲੋਂ ਪੁਲੀਸ ਅਤੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਲਾਗਲੇ ਪਿੰਡ ਸਾਇਆਂ ਕਲਾਂ ਦੇ ਅਗ਼ਵਾ ਹੋਏ 30 ਮਹੀਨਿਆਂ ਦੇ.....

Police arrested accused

ਡੇਹਲੋਂ : ਡੇਹਲੋਂ ਪੁਲੀਸ ਅਤੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਲਾਗਲੇ ਪਿੰਡ ਸਾਇਆਂ ਕਲਾਂ ਦੇ ਅਗ਼ਵਾ ਹੋਏ 30 ਮਹੀਨਿਆਂ ਦੇ ਬੱਚੇ ਨੂੰ ਖਾਨਪੁਰ ਚੌਕ ਨੇੜੇ ਖਰੜ ਤੋਂ ਬਰਾਮਦ ਕਰ ਕੇ ਉਸ ਦੇ ਮਾਪਿਆਂ ਹਵਾਲੇ ਕੀਤਾ। ਪੜਤਾਲੀਆ ਅਫ਼ਸਰ ਸੁਭਾਸ਼ ਕਟਾਰੀਆ ਨੇ ਦਸਿਆ ਕਿ ਮਾਣਕ ਚੌਧਰੀ ਜੋ ਪਿਛਲੇ 17 ਸਾਲਾਂ ਤੋਂ ਪਿੰਡ ਸਾਇਆਂ ਦੇ ਹੌਟ ਮਿਕਸ ਪਲਾਂਟ 'ਤੇ ਰਹਿ ਰਿਹਾ ਸੀ ਅਤੇ ਚੰਦਨ ਤਿਵਾੜੀ ਵਾਸੀ ਕਿਸ਼ਨਗੰਜ ਬਾਜ਼ਾਰ ਜ਼ਿਲ੍ਹਾ ਪ੍ਰਤਾਪਗੜ੍ਹ (ਯੂ.ਪੀ) ਹਾਲ ਵਾਸੀ 33 ਫੁੱਟਾ ਰੋਡ, ਨਊ ਗਗਨ ਨਗਰ ਗਿਆਸਪੁਰਾ ਆਪਸ ਵਿਚ ਕਰੀਬ 10 ਸਾਲਾਂ ਤੋਂ ਦੋਸਤ ਸਨ।

ਚੰਦਨ ਤਿਵਾੜੀ ਨੇ ਮਾਣਕ ਚੌਧਰੀ ਦੇ ਢਾਈ ਸਾਲਾ ਬੱਚੇ ਸ਼ਿਵਮ ਕੁਮਾਰ ਨੂੰ 18 ਜੂਨ ਨੂੰ ਅਗ਼ਵਾ ਕਰ ਲਿਆ। ਜਦੋਂ ਮਾਣਕ ਚੌਧਰੀ ਨੂੰ ਬਹੁਤ ਭਾਲ ਕਰਨ 'ਤੇ ਬੱਚਾ ਨਾ ਲੱਭਾ ਤਾਂ ਉਸ ਨੇ ਇਸ ਸਬੰਧੀ ਡੇਹਲੋਂ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮਾਣਕ ਚੌਧਰੀ ਦੇ ਬਿਆਨਾਂ ਦੇ ਅਧਾਰ 'ਤੇ ਆਈ.ਪੀ.ਸੀ. ਦੀ ਧਾਰਾ 364 ਅਧੀਨ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ।

ਡੇਹਲੋਂ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਦੀ ਸਾਂਝੀ ਟੀਮ ਨੇ ਬੱਚੇ ਨੂੰ ਖਰੜ ਨੇੜਿਉਂ ਖਾਨਪੁਰ ਚੌਕ ਤੋਂ ਅਗ਼ਵਾਕਾਰਾਂ ਚੰਦਨ ਤਿਵਾੜੀ ਅਤੇ ਪਰਮਿੰਦਰ ਸੋਨੀਆ ਪੁਤਰੀ ਸੁਖਮਿੰਦਰ ਸਿੰਘ ਵਾਸੀ ਪਿੰਡ ਵੈਰੋਵਾਲ ਜ਼ਿਲ੍ਹਾ ਤਰਨਤਾਰਨ ਸਮੇਤ ਬਰਾਮਦ ਕਰ ਲਿਆ।  ਉਨ੍ਹਾਂ ਦਸਿਆ ਕਿ ਚੰਦਨ ਤਿਵਾੜੀ ਅਤੇ ਪਰਮਿੰਦਰ ਸੋਨੀਆ ਪਤੀ ਪਤਨੀ ਹਨ ਜਿਨ੍ਹਾਂ ਬੱਚੇ ਨੂੰ ਬਲੀ ਦੇਣ ਲਈ ਅਗ਼ਵਾ ਕੀਤਾ ਸੀ ਜਿਸ ਦੀ ਸਲਾਹ ਉਨ੍ਹਾਂ ਨੂੰ ਕਿਸੇ ਤਾਂਤਰਿਕ ਨੇ ਉਨ੍ਹਾਂ ਦਾ  ਰਿਸ਼ਤਾ ਵਧੀਆ ਬਣਾਉਣ ਲਈ ਦਿਤੀ ਸੀ। ਉਨ੍ਹਾਂ ਦਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੋਰ ਪੁਛਗਿਛ ਜਾਰੀ ਹੈ।