ਪੰਜਾਬ ਕਲਾ ਪ੍ਰੀਸ਼ਦ ਵਲੋਂ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਵਿਸ਼ੇਸ਼ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਸਾਹਿਤ ਦੀ ਝੋਲੀ ਵਿਚ 50 ਤੋਂ ਵੱਧ ਪੁਸਤਕਾਂ ਲਿਖ ਕੇ ਪਾਉਣ ਵਾਲੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 100ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ....

Jaswant Singh Kanwal Getting Award

ਚੰਡੀਗੜ੍ਹ,  ਪੰਜਾਬੀ ਸਾਹਿਤ ਦੀ ਝੋਲੀ ਵਿਚ 50 ਤੋਂ ਵੱਧ ਪੁਸਤਕਾਂ ਲਿਖ ਕੇ ਪਾਉਣ ਵਾਲੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 100ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਵਲੋਂ ਅੱਜ ਸੈਕਟਰ-16 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਕੋਲ ਸ.ਕੰਵਲ ਨੂੰ 'ਪਦਮ ਵਿਭੂਸ਼ਣ' ਨਾਲ ਸਨਮਾਨਤ ਕਰਨ ਦੀ ਮੰਗ ਵੀ ਕੀਤੀ।

ਦੱਸਣਯੋਗ ਹੈ ਕਿ ਬਜ਼ੁਰਗ ਨਾਵਲਕਾਰ ਸ. ਕੰਵਲ ਦਾ 27 ਜੂਨ ਨੂੰ 100ਵਾਂ ਜਨਮ ਦਿਨ ਹੈ, ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕਰਨ ਦੀ ਮੰਗ ਕਰਦਿਆਂ ਸ.ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਸ.ਸਿੱਧੂ ਨੇ ਅਪਣੇ ਪੱਤਰ ਵਿਚ ਕਿਹਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦੇ ਨਾਮਵਾਰ ਨਾਵਲਕਾਰ ਜਸਵੰਤ ਸਿੰਘ ਕੰਵਲ 27 ਜੂਨ ਨੂੰ 100ਵਾਂ ਜਨਮ ਦਿਨ ਮਨਾ ਰਹੇ ਹਨ ਅਤੇ ਇਹ ਮਾਣ ਬਹੁਤ ਘੱਟ ਸਾਹਿਤਕਾਰਾਂ ਦੇ ਹਿੱਸੇ ਆਇਆ ਹੈ, ਜਿਸ ਲਈ ਇਸ ਮੌਕੇ ਨੂੰ ਯਾਦਗਾਰ ਕਰਨ ਲਈ ਸ.ਕੰਵਲ ਨੂੰ ਦੇਸ਼ ਦਾ ਦੂਜਾ ਸਰਵਉੱਚ ਨਾਗਰਿਕ ਸਨਮਾਨ ਦਿਤਾ ਜਾਵੇ। 

ਸ.ਸਿੱਧੂ ਨੇ ਪ੍ਰਧਾਨ ਮੰਤਰੀ ਕੋਲ ਇਹ ਵੀ ਮੰਗ ਕੀਤੀ ਹੈ ਕਿ ਸ.ਕੰਵਲ ਦੇ 100ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ.ਕੰਵਲ ਨੇ ਪੰਜਾਬੀ ਸਾਹਿਤ ਦੀ ਝੋਲੀ 50 ਤੋਂ ਵੱਧ ਪੁਸਤਕਾਂ ਪਾਈਆਂ ਹਨ। ਇਸ ਦੌਰਾਨ ਅੱਜ ਪੰਜਾਬ ਕਲਾ ਪਰਿਸ਼ਦ ਵਲੋਂ ਸ.ਕੰਵਲ ਦੇ ਸ਼ਤਾਬਦੀ ਜਨਮ ਦਿਨ ਦੀ ਪੂਰਵ ਸੰਧਿਆ ਮੌਕੇ ਮੋਗਾ ਜ਼ਿਲ੍ਹੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ

ਅੱਜ ਇਥੇ ਚੰਡੀਗੜ੍ਹ ਵਿਖੇ ਸੱਦੀ ਇਕ ਅਹਿਮ ਮੀਟਿੰਗ ਵਿਚ ਹਿੱਸਾ ਲੈਣ ਕਾਰਨ ਸ.ਸਿੱਧੂ ਅੱਜ ਢੁੱਡੀਕੇ ਵਿਖੇ ਸਮਾਗਮ ਵਿਚ ਹਿੱਸਾ ਨਾ ਲੈ ਸਕੇ ਅਤੇ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਡਾ.ਸੁਰਜੀਤ ਪਾਤਰ ਨੇ ਸ.ਕੰਵਲ ਨੂੰ 'ਪੰਜਾਬ ਗੌਰਵ ਪੁਰਸਕਾਰ' ਨਾਲ ਸਨਮਾਨਤ ਕੀਤਾ। ਇਸ ਸਨਮਾਨ ਵਿਚ ਇਕ ਲੱਖ ਦੀ ਰਾਸ਼ੀ, ਦੋਸ਼ਾਲਾ ਤੇ ਸਨਮਾਨ ਪੱਤਰ ਸ਼ਾਮਲ ਸੀ।

ਢੁੱਡੀਕੇ ਵਿਖੇ ਹੋਏ ਸਮਾਗਮ ਵਿਚ ਪਰਿਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਜੌਹਲ, ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਸੀਨੀਅਰ ਪੱਤਰਕਾਰ ਸਤਨਾਮ ਮਾਣਕ ਤੇ ਬਲਬੀਰ ਪਰਵਾਨਾ, ਲੋਕ ਗਾਇਕ ਪੰਮੀ ਬਾਈ, ਕੇਵਲ ਧਾਲੀਵਾਲ, ਦੀਵਾਨ ਮਾਨਾ, ਬਲਦੇਵ ਸਿੰਘ ਸੜਕਨਾਮਾ, ਬਲਦੇਵ ਸਿੰਘ ਧਾਲੀਵਾਲ, ਡਾ.ਰਾਜਿੰਦਰ ਪਾਲ ਸਿੰਘ ਬਰਾੜ, ਸੁਰਿੰਦਰ ਕੈਲੇ, ਪਰਗਟ ਸਿੰਘ ਸਤੌਜ ਆਦਿ ਹਾਜ਼ਰ ਹੋਏ।