ਖੰਨਾ-ਨਵਾਂਸ਼ਹਿਰ ਨੈਸ਼ਨਲ ਹਾਈਵੇ ਦੀ ਜ਼ਮੀਨ ਐਕਵਾਇਰ ਕਰਨ ਲਈ ਤਿੰਨ ਐਸ.ਡੀ.ਐਮ. ਨਿਯਕੁਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੇ ਸੜ੍ਹਕ ਤੇ ਹਾਈਵੇ ਮੰਤਰਾਲੇ ਵਲੋਂ ਖੰਨਾ ਤੋਂ ਲੈ ਕੇ ਨਵਾਂਸ਼ਹਿਰ ਤਕ ਸੜ੍ਹਕ ਨੂੰ ਨੈਸ਼ਨਲ ਹਾਈਵੇ ਐਲਾਨਿਆ.....

Accidental Condition Khanna-Nawanshehar Road

ਮਾਛੀਵਾੜਾ ਸਾਹਿਬ : ਕੇਂਦਰ ਸਰਕਾਰ ਦੇ ਸੜ੍ਹਕ ਤੇ ਹਾਈਵੇ ਮੰਤਰਾਲੇ ਵਲੋਂ ਖੰਨਾ ਤੋਂ ਲੈ ਕੇ ਨਵਾਂਸ਼ਹਿਰ ਤਕ ਸੜ੍ਹਕ ਨੂੰ ਨੈਸ਼ਨਲ ਹਾਈਵੇ ਐਲਾਨਿਆ ਹੋਇਆ ਹੈ ਅਤੇ ਇਸ ਸਬੰਧੀ ਜ਼ਮੀਨ ਐਕਵਾਇਰ ਕਰਨ ਤੇ ਡਿਟੇਲ ਪ੍ਰੋਜੈਕਟ ਰੀਪੋਰਟ ਬਣਾਉਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਕੇਂਦਰ ਦੇ ਸੜ੍ਹਕ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਨੂੰ ਕੁੱਝ ਦਿਨ ਪਹਿਲਾਂ ਇਕ ਪੱਤਰ ਜਾਰੀ ਕਰ ਕੇ ਸੂਚਿਤ ਕੀਤਾ ਕਿ ਜੋ ਕੇਂਦਰ ਦੇ ਵਿਭਾਗ ਵਲੋਂ ਨਵਾਂਸ਼ਹਿਰ, ਰਾਹੋਂ, ਮਾਛੀਵਾੜਾ, ਸਮਰਾਲਾ, ਖੰਨਾ ਨੂੰ ਨੈਸ਼ਨਲ ਹਾਈਵੇ 344-ਏ ਦਾ ਨਾਮ ਦਿਤਾ ਗਿਆ ਹੈ,

ਉਸ ਸਬੰਧੀ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਵਲੋਂ ਤਿੰਨ ਐਸ.ਡੀ.ਐਮ ਨਿਯਕੁਤ ਕਰ ਦਿਤੇ ਗਏ ਹਨ। ਖੰਨਾ ਤੋਂ ਨਵਾਂਸ਼ਹਿਰ ਤਕ 52 ਕਿਲੋਮੀਟਰ ਲੰਬੀ ਸੜ੍ਹਕ ਲਈ ਜੋ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਉਸ ਲਈ ਨਵਾਂਸ਼ਹਿਰ ਜ਼ਿਲ੍ਹੇ ਦੀ ਹੱਦ 'ਚ ਪੈਂਦੀ 16 ਕਿਲੋਮੀਟਰ ਲੰਬੀ ਸੜ੍ਹਕ ਦੀ ਜ਼ਮੀਨ ਐਕਵਾਇਰ ਦੀ ਨਿਸ਼ਾਨਦੇਹੀ ਨਵਾਂਸ਼ਹਿਰ ਐਸ.ਡੀ.ਐਮ. ਕਰਨਗੇ। ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਸਬ-ਡਵੀਜ਼ਨ ਤਹਿਤ ਪੈਂਦੀ ਕਰੀਬ 32 ਕਿਲੋਮੀਟਰ ਲੰਬੀ ਸੜ੍ਹਕ ਲਈ ਲੁਧਿਆਣਾ ਵੈਸਟ ਦੇ ਐਸ.ਡੀ.ਐਮ. ਨੂੰ ਨਿਯੁਕਤ ਕੀਤਾ ਹੈ

ਜਦਕਿ ਖੰਨਾ ਸਬ-ਡਵੀਜ਼ਨ ਅਧੀਨ ਪੈਂਦੀ 4 ਕਿਲੋਮੀਟਰ ਲੰਬੀ ਸੜ੍ਹਕ ਲਈ ਖੰਨਾ ਐਸ.ਡੀ.ਐਮ. ਦੀ ਡਿਊਟੀ ਲਗਾਈ ਹੈ ਅਤੇ ਇਹ ਤਿੰਨੋ ਰੈਵੇਨਿਊ ਅਧਿਕਾਰੀ ਇਸ ਨੈਸ਼ਨਲ ਹਾਈਵੇ ਲਈ ਜੋ ਲੋੜੀਂਦੇ ਬਾਈਪਾਸ ਲਈ ਜੋ ਜ਼ਮੀਨ ਐਕਵਾਇਰ ਕਰਨੀ ਹੈ, ਉਸ ਦੀ ਨਿਸ਼ਾਨਦੇਹੀ ਕਰ ਕੇ ਕੇਂਦਰ ਸਰਕਾਰ ਦੇ ਸੜ੍ਹਕ ਮੰਤਰਾਲੇ ਨੂੰ ਅਪਣੀ ਰੀਪੋਰਟ ਦੇਣਗੇ।  ਇਸ ਤੋਂ ਇਲਾਵਾ ਨਵਾਂਸ਼ਹਿਰ ਤੋਂ ਖੰਨਾ ਤਕ ਨੈਸ਼ਨਲ ਹਾਈਵੇ ਬਣਾਉਣ ਲਈ ਕਿੰਨਾ ਖ਼ਰਚ ਆਵੇਗਾ, ਉਸ ਲਈ ਪੰਜਾਬ ਸਰਕਾਰ ਵਲੋਂ ਟੈਂਡਰ ਮੰਗੇ ਗਏ ਸਨ ਜਿਸ ਤਹਿਤ ਜੈਪੁਰ ਦੀ ਕੰਪਨੀ ਪੀ.ਕੇ. ਇੰਜੀਨੀਅਰ ਵਲੋਂ ਭਰਿਆ ਗਿਆ ਟੈਂਡਰ

ਜਿਸ ਵਿਚ ਉਸ ਨੇ ਇਸ ਦੀ ਡਿਟੇਲ ਪ੍ਰੋਜੈਕਟ ਰੀਪੋਰਟ ਬਣਾਉਣ ਲਈ 1.41 ਕਰੋੜ ਰੁਪਏ ਖ਼ਰਚਾ ਦਸਿਆ ਹੈ। ਇਹ ਕੰਪਨੀ 9 ਮਹੀਨਿਆਂ 'ਚ ਅਪਣੀ ਰੀਪੋਰਟ ਤਿਆਰ ਕਰੇਗੀ ਜਿਸ ਵਿਚ ਦਸਿਆ ਜਾਵੇਗਾ ਕਿ ਸੜ੍ਹਕ ਨਿਰਮਾਣ ਲਈ ਕਿੰਨਾ ਮੈਟੀਰੀਅਲ 'ਤੇ ਖ਼ਰਚ ਆਵੇਗਾ, ਬਾਈਪਾਸ ਨਿਰਮਾਣ ਦਾ ਖ਼ਰਚਾ, ਜੋ ਰਸਤੇ ਵਿਚ ਛੋਟੇ-ਵੱਡੇ ਪੁਲ ਆਉਂਦੇ ਹਨ, ਉਨ੍ਹਾਂ ਦੀ ਸਾਰੀ ਰੀਪੋਰਟ ਤਿਆਰ ਕਰੇਗੀ। ਇਹ ਪ੍ਰੋਜੈਕਟ ਰੀਪੋਰਟ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਉਸ ਦਾ ਟੈਂਡਰ ਲਗਾਉਣ ਤੋਂ ਬਾਅਦ ਇਸ ਨੈਸ਼ਨਲ ਹਾਈਵੇ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਸਕੇ। 

ਖੰਨਾ ਤੋਂ ਨਵਾਂਸ਼ਹਿਰ ਤਕ ਸੜ੍ਹਕ ਦੀ ਬੇਹੱਦ ਖਸਤਾ ਹਾਲਤ ਕਾਰਨ ਜਿਥੇ ਕਾਂਗਰਸ ਸਰਕਾਰ ਨੂੰ ਇਸ ਸਮੇਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਨੈਸ਼ਨਲ ਹਾਈਵੇ ਦੇ ਨਿਰਮਾਣ ਸਬੰਧੀ ਪ੍ਰਕਿਰਿਆ ਇਸ ਤਰ੍ਹਾਂ ਹੀ ਤੇਜ਼ੀ ਨਾਲ ਚੱਲਦੀ ਰਹੀ ਤਾਂ ਵੀ ਘੱਟੋ-ਘੱਟ 1 ਸਾਲ ਤੋਂ ਬਾਅਦ ਹੀ ਇਸ ਸੜ੍ਹਕ ਦਾ ਨਿਰਮਾਣ ਨੈਸ਼ਨਲ ਹਾਈਵੇ ਵਜੋਂ ਸ਼ੁਰੂ ਹੋ ਸਕੇਗਾ।