ਚਿੱਟੇ ਦਾ ਕਹਿਰ : ਇਕ ਹਫ਼ਤੇ ਵਿਚ 6 ਘਰਾਂ 'ਚ ਵਿਛੇ ਸੱਥਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਲਗਾਤਾਰ ਦਸ ਸਾਲ ਸੋਸ਼ਲ ਮੀਡੀਏ ਰਾਹੀਂ ਨੋਜਵਾਨਾਂ ਤੇ ਬੱਚਿਆਂ ਦੇ ਨਸ਼ਿਆਂ 'ਚ ਗ੍ਰਸਤ ਹੋਣ ਬਾਰੇ ਵਾਇਰਲ...

Man Taking Drug

ਕੋਟਕਪੂਰਾ : ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਲਗਾਤਾਰ ਦਸ ਸਾਲ ਸੋਸ਼ਲ ਮੀਡੀਏ ਰਾਹੀਂ ਨੋਜਵਾਨਾਂ ਤੇ ਬੱਚਿਆਂ ਦੇ ਨਸ਼ਿਆਂ 'ਚ ਗ੍ਰਸਤ ਹੋਣ ਬਾਰੇ ਵਾਇਰਲ ਹੁੰਦੇ ਰਹੇ ਵੀਡੀਓ ਕਲਿੱਪ ਤੇ ਪੋਸਟਾਂ ਮਨੁੱਖਤਾ ਦਾ ਦਰਦ ਸਮਝਣ ਵਾਲੇ ਹਰੇਕ ਵਿਅਕਤੀ ਦਾ ਹਿਰਦਾ ਵਲੂੰਧਰ ਕੇ ਰੱਖ ਦਿੰਦੀਆਂ ਸਨ। 
ਸੱਤਾ ਤਬਦੀਲੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫਤਿਆਂ 'ਚ ਨਸ਼ਾ ਖਤਮ ਕਰਨ ਬਾਰੇ ਚੁੱਕੀ ਸਹੁੰ ਕਰਕੇ ਆਸ ਬੱਝੀ ਸੀ ਕਿ ਹੁਣ ਨਸ਼ਾ ਤਸਕਰਾਂ ਨੂੰ ਜਾਂ ਤਾਂ ਧੰਦਾ ਤਬਦੀਲ ਕਰਨਾ ਪਵੇਗਾ ਤੇ ਜਾਂ ਨਸ਼ਾ ਤਸਕਰ ਜੇਲ੍ਹ 'ਚ ਜਾਣਗ? ਪਰ ਅਜਿਹਾ ਨਹੀਂ ਹੋਇਆ।

ਨਸ਼ੇ ਦੀ ਤਸਕਰੀ ਦੀਆਂ ਖਬਰਾਂ ਨਿਰੰਤਰ ਜਾਰੀ ਹਨ। ਇਕ ਹਫਤੇ 'ਚ 6 ਨੌਜਵਾਨਾਂ ਦੇ ਨਸ਼ੇ ਦੀ ਭੇਟ ਚੜ੍ਹਨ ਕਾਰਨ ਇਨ੍ਹਾਂ ਦੇ ਘਰਾਂ ਵਿਚਲੱ ਵਿਛੇ ਸੱਥਰਾਂ ਨੇ ਸੂਝਬੂਝ ਰੱਖਣ ਵਾਲੇ ਆਮ ਤੇ ਖਾਸ ਲੋਕਾਂ ਨੂੰ ਸੋਚਾਂ 'ਚ ਪਾ ਕੇ ਰੱਖ ਦਿੱਤਾ ਹੈ। ਨਸ਼ਿਆਂ ਦੇ ਅੱਤਵਾਦ ਦਾ ਦੁਖਦਾਇਕ ਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਇਕੋ ਸਰਿੰਜ ਨਾਲ ਨਸ਼ੇ ਦੀ ਪੂਰਤੀ ਕਰਨ ਵਾਲੇ ਨੋਜਵਾਨ ਏਡਜ਼, ਕੈਂਸਰ, ਕਾਲਾ ਪੀਲੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

ਜਿਕਰਯੋਗ ਹੈ ਕਿ ਪੰਜਾਬ ਅੰਦਰ ਸਮੈਕ, ਹੈਰੋਇਨ, ਚਰਸ, ਚਿੱਟਾ ਸਿੰਥੈਟਿਕ ਨਸ਼ਾ, ਨਸ਼ੇ ਵਾਲੀਆਂ ਗੋਲੀਆਂ ਅਤੇ ਨਸ਼ੇ ਦੇ ਤੌਰ 'ਤੇ ਵਰਤੇ ਜਾਂਦੇ ਟੀਕਿਆਂ ਨੇ ਪੰਜਾਬ ਦੀ ਜਵਾਨੀ ਖੋਖਲੀ ਕਰ ਦਿੱਤੀ ਹੈ। ਪੰਜਾਬ ਦੀ ਧਰਤੀ 'ਤੇ ਬੇਰੋਕ ਟੋਕ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ । ਅਫਸੋਸ ਕਿ ਨੌਜਵਾਨ ਨਸ਼ੇ ਦੀ ਭੇਂਟ ਚੜ੍ਹਦੇ ਜਾ ਰਹੇ ਹੋਣ ਦੇ ਬਾਵਜੂਦ  ਸਮੇਂ ਦੀਆਂ ਸਰਕਾਰਾਂ ਚੁੱਪੀ ਧਾਰੀ ਬੈਠੀਆਂ ਹਨ। 

ਇਸ ਸਬੰਧੀ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਪਿਛਲੇ 60 ਦਿਨਾਂ 'ਚ 24 ਨੌਜਵਾਨ ਚਿੱਟੇ ਨਸ਼ੇ ਦੀ ਭੇਂਟ ਚੜ ਚੁੱਕੇ ਹਨ। ਮਾਝੇ 'ਚ 13 ਤੇ ਮਾਲਵੇ 'ਚ 6 ਤੋਂ ਇਲਾਵਾ 5 ਨੌਜਵਾਨ ਦੁਆਬੇ 'ਚ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ 'ਚ ਜਾ ਚੁੱਕੇ ਹੋਣ ਦੇ ਬਾਵਜੂਦ ਸਰਕਾਰਾਂ ਮੰਨਣ ਨੂੰ ਤਿਆਰ ਹੀ  ਨਹੀਂ ਕਿ ਪੰਜਾਬ ਅੰਦਰ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਜੇਕਰ ਗੱਲ ਪਿਛਲੇ ਹਫਤੇ ਦੀ ਕਰੀਏ ਤਾਂੇ 7 ਦਿਨਾਂ ਵਿੱਚ 6 ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਦੁਨੀਆਂ ਛੱਡ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ

ਕਿ ਚਾਰ ਕੁ ਹਫਤਿਆਂ ਵਿੱਚ ਨਸ਼ੇ ਦੇ ਖਾਤਮੇ ਦੀ ਬਕਾਇਦਾ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਨੂੰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਨਸ਼ੇ ਦੀ ਸਪਲਾਈ ਲਾਈਨ ਤੋੜਨ 'ਚ ਅਸਫਲ ਰਹੇ ਹੋਣ ਦੇ ਬਾਵਜੂਦ ਪ੍ਰਸ਼ਾਸਨ ਇਹ ਮੰਨਣ ਨੂੰ ਤਿਆਰ ਨਹੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਖੁੱਲੇਆਮ ਵਿਕਦੇ ਨਸ਼ੇ ਕਾਰਨ ਮੌਤ ਦੇ ਮੂੰਹ 'ਚ ਜਾ ਰਹੀ ਹੈ।